ਚੰਡੀਗੜ੍ਹ: ਕੋਰੋਨਾ ਦੀ ਪੌਜ਼ੇਟਿਵ-ਨੈਗਟਿਵ ਰਿਪੋਰਟ ਦੇ ਸਸਪੈਂਸ ਵਿੱਚ ਡੇਰਾ ਸਿਰਸਾ ਮੁਖੀ ਰਾਮ ਰਹਿਮ ਦੀ ਖਾਸ--ਖਾਸ ਹਨੀਪ੍ਰੀਤ ਦਾ ਪੱਤਾ ਰਾਮ ਰਹੀਮ ਦੀ ਖਾਤਿਰਦਾਰੀ ਕਰਨ ਤੋਂ ਪਹਿਲਾਂ ਹੀ ਕੱਟਿਆ ਗਿਆ। ਪੁਲਿਸ ਪ੍ਰਸ਼ਾਸਨ ਦੇ ਇਤਰਾਜ਼ 'ਤੇ ਮੇਦਾਂਤਾ ਹਸਪਤਾਲ ਪ੍ਰਸ਼ਾਸਨ ਨੇ ਹਨੀਪ੍ਰੀਤ ਦਾ ਅਟੈਂਡੈਂਟ ਕਾਰਡ ਰੱਦ ਕਰ ਦਿੱਤਾ, ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਰੋਹਤਕ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਕੋਵਿਡ ਪੌਜ਼ੇਟਿਵ ਹੋਣ ਮਗਰੋਂ ਮੇਦਾਂਤਾ ਸ਼ਿਫਟ ਕੀਤਾ ਗਿਆ ਪਰ ਹਸਪਤਾਲ ਦੇ ਆਰਟੀਪੀਆਰ ਰਿਪੋਰਟ 'ਚ ਰਾਮ ਰਹੀਮ ਦਾ ਕੋਰੋਨਾ ਟੈਸਟ ਨੈਗਟਿਵ ਆਇਆ ਹੈ।


ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਜਨਰਲ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਮੁੱਦੇ 'ਤੇ ਜਦੋਂ ਏਬੀਪੀ ਨਿਊਜ਼ ਦੀ ਟੀਮ ਨੇ ਰਾਮ ਰਹੀਮ ਦੇ ਇਸ ਨਾਟਕ ਦੀ ਅਸਲੀਅਤ ਜਾਣਨ ਲਈ ਹਰਿਆਣਾ ਦੇ ਸੀਐਮ ਮਨੋਹਰ ਲਾਲ ਨੂੰ ਸਵਾਲ ਕੀਤਾ ਜਿਸ 'ਤੇ ਉਨ੍ਹਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।


ਸੀਐਮ ਨੂੰ ਜਵਾਬ ਸ਼ਾਇਦ ਇਸ ਲਈ ਨਹੀਂ ਸੁੱਝਿਆ ਕਿਉਂਕਿ ਉਨ੍ਹਾਂ ਨੂੰ ਪੁੱਛੇ ਬਗੈਰ ਤਾਂ ਜੇਲ੍ਹ ਅਥਾਰਟੀ ਤੇ ਪੁਲਿਸ ਪ੍ਰਸ਼ਾਸਨ ਨੇ ਕਾਤਲ ਤੇ ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਨੂੰ ਮੇਦਾਂਤ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਹੋਵੇ। ਇਸ ਤੋਂ ਬਾਅਦ ਹੁਣ ਸੀਐਮ ਖੱਟਰ ਹਨੀਪ੍ਰੀਤ ਦੀ ਖੇਡ 'ਤੇ ਜਵਾਬ ਵੀ ਕੀ ਦਿੰਦੇ?


ਦੱਸ ਦਈਏ ਕਿ ਰਾਮ ਰਹੀਮ ਪਿਛਲੇ 26 ਦਿਨਾਂ ਵਿੱਚ ਚੌਥੀ ਵਾਰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਚੁੱਕਿਆ ਹੈ। ਪਹਿਲਾਂ ਬਿਮਾਰ ਮਾਂ ਨੂੰ ਵੇਖਣ ਲਈ ਰਾਮ ਰਹੀਮ ਸਪੈਸ਼ਲ ਸਿਕਿਓਰਿਟੀ ਪੈਰੋਲ 'ਤੇ ਮੇਦਾਂਤਾ ਹਸਪਤਾਲ ਪਹੁੰਚਿਆ। ਫਿਰ ਦੋ ਵਾਰ ਪੇਟ ਵਿੱਚ ਬੇਅਰਾਮੀ ਦੀ ਸ਼ਿਕਾਇਤ ਕਰਕੇ ਉਸ ਨੂੰ ਰੋਹਤਕ ਦੇ ਪੀਜੀਆਈ ਵਿੱਚ ਚੈੱਕਅੱਪ ਲਈ ਲੈ ਜਾਇਆ ਗਿਆ।


ਹੁਣ ਚੌਥੀ ਵਾਰ ਉਸ ਨੂੰ ਕੋਵਿਡ ਪੌਜ਼ੇਟਿਵ ਹੋਣ ਦੇ ਬਹਾਨੇ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਰੋਹਤਕ ਪੀਜੀਆਈ ਵਿੱਚ ਦੋਵੇਂ ਵਾਰ ਜਦੋਂ ਰਾਮ ਰਹੀਮ ਨੂੰ ਕੋਵਿਡ ਟੈਸਟ ਕਰਵਾਉਣ ਲਈ ਕਿਹਾ ਗਿਆ ਤਾਂ ਦੱਸਿਆ ਗਿਆ ਕਿ ਰਾਮ ਰਹੀਮ ਨੇ ਇਨਕਾਰ ਕਰ ਦਿੱਤਾ ਪਰ ਬਾਅਦ ਵਿੱਚ ਜੇਲ੍ਹ ਚਲਾ ਗਿਆ। ਹੁਣ ਉਸ ਇਸੇ ਕੋਵਿਡ ਰਿਪੋਰਟ ਦੇ ਅਧਾਰ 'ਤੇ ਮੇਦਾਂਤਾ 'ਚ ਪਹੁੰਚ ਗਿਆ। ਕੀ ਰੋਹਤਕ ਦੀ ਪੀਜੀਆਈ ਦਾ ਮਾਹੌਲ ਰਾਮ ਰਹੀਮ ਲਈ ਢੁਕਵਾਂ ਨਹੀਂ ਸੀ? ਜਾਂ ਉਸ ਨੂੰ ਮੇਦਾਂਤਾ ਵਧੇਰੇ ਸੁਰੱਖਿਅਤ ਤੇ ਗੁਪਤ ਲੱਗਦਾ ਹੈ?


ਰਾਮ ਰਹੀਮ ਜੇਲ੍ਹ ਵਿੱਚ ਹੈ ਤੇ ਉਹ ਬਾਹਰੀ ਦੁਨੀਆ ਨੂੰ ਯਾਦ ਕਰ ਰਿਹਾ ਹੈ। ਇਸ ਲਈ ਉਹ ਸਰਕਾਰੀ ਸਲਾਹ ਨਾਲ ਜੁਗਾੜ ਕਰਕੇ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਸਭ ਤੋਂ ਪਹਿਲਾਂ ਉਸ ਨੇ ਪੈਰੋਲ ‘ਤੇ ਆਉਣ ਲਈ ਅਰਜ਼ੀ ਦਿੱਤੀ। ਹਰਿਆਣਾ ਸਰਕਾਰ ਤੇ ਤਤਕਾਲੀ ਜੇਲ੍ਹ ਮੰਤਰੀ ਨੇ ਇਸ ਨੂੰ ਕੈਦੀ ਦਾ ਅਧਿਕਾਰ ਕਿਹਾ ਪਰ ਸਿਰਸਾ ਪ੍ਰਸ਼ਾਸਨ ਦੀ ਰਿਪੋਰਟ ਰਾਮ ਰਹੀਮ ਦੇ ਪੁਰਾਣੇ ਵਿਰੋਧ ਕਾਰਨ ਫੈਸਲਾ ਉਸ ਹੱਕ ਵਿੱਚ ਨਹੀਂ ਆਇਆ। ਇਸ ਲਈ ਉਸ ਨੂੰ ਪੈਰੋਲ ਨਹੀਂ ਮਿਲੀ। ਦੂਜੀ ਵਾਰ ਫਿਰ ਰਾਮ ਰਹੀਮ ਨੇ ਪੈਰੋਲ 'ਤੇ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਵਾਰ ਵੀ ਸਿਰਸਾ ਦੇ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ।


ਇਸ ਮਗਰੋਂ ਵੀ ਉਸ ਨੇ ਹਾਰ ਨਹੀਂ ਮੰਨੀ ਤੇ ਤੀਜੀ ਵਾਰ ਮਾਂ ਨੂੰ ਮਿਲਣ ਲਈ ਵਿਸ਼ੇਸ਼ ਤੌਰ 'ਤੇ ਪੈਰੋਲ 'ਤੇ ਇੱਕ ਦਿਨ ਲਈ ਉਹ ਗੁਰੂਗ੍ਰਾਮ ਗਿਆ। ਹੁਣ ਰਾਮ ਰਹੀਮ ਬਿਮਾਰ ਹੋ ਰਿਹਾ ਹੈ ਤੇ ਬਿਮਾਰੀ ਦੇ ਬਹਾਨੇ ਆਪਣੇ ਅਜ਼ੀਜ਼ਾਂ ਨੂੰ ਮਿਲਣ ਦੀ ਉਸ ਦੀ ਆਦਤ ਹੁਣ ਵਧਣ ਲੱਗੀ ਹੈ।


ਇਹ ਵੀ ਪੜ੍ਹੋ: Corona Vaccine New Guidelines: 21 ਜੂਨ ਤੋਂ ਵੈਕਸੀਨੇਸ਼ਨ ਦੀ ਨਵੀਂ ਪਾਲਿਸੀ, ਹੁਣ ਕੇਂਦਰ ਸਰਕਾਰ ਰਾਜਾਂ ਨੂੰ ਇਸ ਆਧਾਰ 'ਤੇ ਦੇਵੇਗੀ ਟੀਕੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904