ਬੈਂਗਲੁਰੂ: ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਨੇ ਕਰਨਾਟਕਾ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਟੀਪੂ ਸੁਲਤਾਨ ਨੂੰ ਹਿੰਦੂ ਵਿਰੋਧੀ ਤੇ ਜ਼ਾਲਮ ਕਰਾਰ ਦਿੰਦੇ ਹੋਏ ਰਾਜ ਵਿਚ ਹੋਣ ਵਾਲੇ ਟੀਪੂ ਜੈਅੰਤੀ ਨਾਲ ਜੁੜੇ ਸਮਾਗਮਾਂ 'ਚ ਸੱਦਾ ਨਾ ਭੇਜਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਕਰਨਾਟਕ ਸਰਕਾਰ ਨੇ ਹਰ ਸਾਲ 10 ਨਵੰਬਰ ਨੂੰ ਟੀਪੂ ਜੈਅੰਤੀ ਮਨਾਉਣ ਦਾ ਐਲਾਨ ਕੀਤਾ ਹੈ।ਹੇਗੜੇ ਦੇ ਇਸ ਪੱਤਰਕਾਰ ਨਾਲ ਕਰਨਾਟਕ ਦੀ ਸਿਆਸਤ 'ਚ ਹੜਕੰਪ ਮੱਚ ਗਿਆ ਹੈ।
ਇਸ ਤੋਂ ਪਹਿਲਾਂ ਉੱਤਰਪ੍ਰਦੇਸ਼ 'ਚ ਤਾਜ ਮਹਿਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਤਾਜ ਮਹੱਲ ਨੂੰ ਲੈ ਪੂਰਾ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਬੀਜੇਪੀ ਵਿਧਾਇਕ ਸੰਗੀਤ ਸੋਮ ਨੇ ਬਿਆਨ ਦਿੱਤਾ ਸੀ ਕਿ ਤਾਜ ਮਹੱਲ ਭਾਰਤੀ ਸੱਭਿਆਚਾਰ 'ਤੇ ਇੱਕ ਧੱਬਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸ ਇਤਿਹਾਸ ਬਾਰੇ ਗੱਲ ਕਰ ਰਹੇ ਹਾਂ। ਤਾਜ ਮਹੱਲ ਦੇ ਨਿਰਮਾਤਾ ਸ਼ਾਹਜਹਾਂ ਨੇ ਆਪਣੇ ਪਿਤਾ ਨੂੰ ਕੈਦ ਕਰ ਦਿੱਤਾ ਸੀ। ਉਹ ਹਿੰਦੂਆਂ ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਜੇ ਇਹ ਸਾਡੇ ਇਤਿਹਾਸ ਦਾ ਹਿੱਸਾ ਹੈ ਤਾਂ ਇਹ ਸਾਡੇ ਲਈ ਦੁੱਖ ਦੀ ਗੱਲ ਹੈ ਤੇ ਅਸੀਂ ਇਹ ਇਤਿਹਾਸ ਬਦਲ ਦੇਵਾਂਗੇ।
ਬਾਅਦ 'ਚ ਯੂਪੀ ਦੇ ਮੁੱਖ ਮੰਤਰੀ ਯੋਗੀ ਅਦੱਤਿਯਾ ਨਾਥ ਨੇ ਤਾਜ ਮਹੱਲ ਬਾਰੇ ਕਿਹਾ ਸੀ ਕਿ ਕੌਣ ਕੀ ਕਹਿੰਦਾ, ਤਾਜ ਮਹਿਲ ਮਹੱਤਵਪੂਰਨ ਨਹੀਂ। ਸਭ ਤੋਂ ਵੱਧ ਜ਼ਰੂਰੀ ਹੈ ਕਿ ਭਾਰਤੀਆਂ ਦੇ ਖੂਨ ਪਸੀਨੇ ਨਾਲ ਬਣੇ ਹਰ ਸਮਾਰਕ ਦੀ ਸੰਭਾਲ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸੈਰ ਸਪਾਟਾ ਦੀ ਨਜ਼ਰ ਤੋਂ ਵੀ ਸਮਾਰਕਾਂ ਦੀ ਸੰਭਾਲ ਜ਼ਰੂਰੀ ਹੈ।