ਮੈਨਪੁਰੀ: ਇੰਸਪੈਕਟਰ ਸਾਬ੍ਹ ਆਪਣੀ ਸਰਕਾਰੀ ਰਿਵਾਲਵਰ ਦੀ ਰਾਖੀ ਨਾ ਕਰ ਸਕੇ। ਉਹ ਗੂੜੀ ਨੀਂਦ ਸੌਂਦੇ ਰਹੇ ਤੇ ਕਿਸੇ ਨੇ ਉਨ੍ਹਾਂ ਦਾ ਰਿਵਾਲਵਰ ਚੋਰੀ ਕਰ ਲਿਆ। ਰਿਵਾਲਵਰ ਤੋਂ ਇਲਾਵਾ ਉਨ੍ਹਾਂ ਦਾ ਮੋਬਾਈਲ ਤੇ ਘੜੀ ਵੀ ਚੋਰਾਂ ਨੇ ਚੋਰੀ ਕਰ ਲਈ। ਸਵੇਰੇ ਜਦੋਂ ਸੂਚਨਾ ਮਿਲੀ ਤਾਂ ਇੰਸਪੈਕਟਰ ਸਾਬ੍ਹ ਦੇ ਹੋਸ਼ ਉੱਡ ਗਏ। ਘਟਨਾ ਦੇ ਆਧਾਰ 'ਤੇ ਕਰਹਲ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐਸਪੀ ਨੇ ਮਾਮਲੇ ਦੀ ਜਾਂਚ ਸੀਓ ਕਰਹਲ ਨੂੰ ਸੌਂਪ ਦਿੱਤੀ ਹੈ। ਇੰਸਪੈਕਟਰ 'ਤੇ ਵੀ ਮੁਅੱਤਲੀ ਦੀ ਕਾਰਵਾਈ ਦੀ ਤਲਵਾਰ ਲਟਕ ਗਈ ਹੈ।


ਘਟਨਾ ਸੋਮਵਾਰ ਸਵੇਰੇ ਤੜਕੇ ਵਾਪਰੀ। ਉੱਤਰ ਪ੍ਰਦੇਸ਼ ਦੇ ਕਸਬਾ ਕਰਹਾਲ ਥਾਣਾ ਸਦਰ 'ਚ ਸਥਿੱਤ ਚੌਕੀ 'ਚ ਤਾਇਨਾਤ ਇੰਸਪੈਕਟਰ ਅਨਿਲ ਕੁਮਾਰ ਬੀਤੀ ਰਾਤ ਗਸ਼ਤ ਕਰ ਰਹੇ ਸਨ ਤੇ ਤੜਕੇ ਲਗਭਗ 3 ਵਜੇ ਕਸਬਾ ਕਰਹਲ 'ਚ ਸਥਿੱਤ ਚੌਕੀ 'ਚ ਆਪਣੇ ਕਮਰੇ ਅੰਦਰ ਜਾ ਕੇ ਸੌਂ ਗਏ। ਜਿਵੇਂ ਹੀ ਉਹ ਸੁੱਤੇ ਤਾਂ ਅਣਪਛਾਤੇ ਚੋਰ ਘਰ ਅੰਦਰ ਦਾਖਲ ਹੋ ਗਏ ਅਤੇ ਇੰਸਪੈਕਟਰ ਦਾ ਸਰਕਾਰੀ ਰਿਵਾਲਵਰ, ਮੋਬਾਈਲ ਅਤੇ ਇੱਕ ਘੜੀ ਚੋਰੀ ਕਰ ਕੇ ਫ਼ਰਾਰ ਹੋ ਗਏ। ਸਵੇਰੇ ਜਦੋਂ ਇੰਸਪੈਕਟਰ ਦੀ ਨੀਂਦ ਖੁੱਲ੍ਹੀ ਤਾਂ ਰਿਵਾਲਵਰ, ਮੋਬਾਈਲ ਨਾ ਮਿਲਣ 'ਤੇ ਉਹ ਘਬਰਾ ਗਿਆ ਅਤੇ ਉਨ੍ਹਾਂ ਨੇ ਥਾਣਾ ਇੰਚਾਰਜ ਨਰਿੰਦਰ ਸਿੰਘ ਨੂੰ ਸੂਚਨਾ ਦਿੱਤੀ।


ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਕਮਲੇਸ਼ ਕੁਮਾਰ ਦੀਕਸ਼ਿਤ ਥਾਣਾ ਸਦਰ ਪੁੱਜੇ ਅਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਘਟਨਾ ਲਈ ਇੰਸਪੈਕਟਰ ਨੂੰ ਤਾੜਨਾ ਕੀਤੀ ਅਤੇ ਜਾਂਚ ਸੀਓ ਅਸ਼ੋਕ ਕੁਮਾਰ ਨੂੰ ਸੌਂਪ ਦਿੱਤੀ। ਖ਼ਾਸ ਗੱਲ ਇਹ ਹੈ ਕਿ ਪੁਲਿਸ ਅਧਿਕਾਰੀ ਦਾ ਰਿਵਾਲਵਰ ਸਰਕਾਰੀ ਰਿਹਾਇਸ਼ 'ਚੋਂ ਚੋਰੀ ਹੋਇਆ ਹੈ। ਯਕੀਨਨ ਚੋਰ ਬਹੁਤ ਹੁਸ਼ਿਆਰ ਹੈ ਜਾਂ ਇਸ ਘਟਨਾ ਦਾ ਕੋਈ ਹੋਰ ਪਹਿਲੂ ਹੈ, ਜੋ ਜਾਂਚ 'ਚ ਸਾਹਮਣੇ ਆਵੇਗਾ। ਫੋਰੈਂਸਿਕ ਮਾਹਿਰਾਂ ਅਤੇ ਡੌਗ ਸਕੁਐਡ ਨੇ ਵੀ ਮੌਕੇ ਦਾ ਮੁਆਇਨਾ ਕੀਤਾ ਹੈ।


ਮੈਨਪੁਰੀ ਦੇ ਐਸਪੀ ਕਮਲੇਸ਼ ਕੁਮਾਰ ਦੀਕਸ਼ਿਤ ਸੂਚਨਾ ਮਿਲਣ ਤੋਂ ਬਾਅਦ ਕਰਹਲ ਥਾਣੇ ਗਏ। ਉਨ੍ਹਾਂ ਕਿਹਾ ਕਿ ਇਹ ਇੰਸਪੈਕਟਰ ਦੀ ਬਹੁਤ ਵੱਡੀ ਲਾਪਰਵਾਹੀ ਹੈ। ਸੀਓ ਦੀ ਰਿਪੋਰਟ ਆ ਰਹੀ ਹੈ। ਇੰਸਪੈਕਟਰ ਨੂੰ ਮੁਅੱਤਲ ਕੀਤਾ ਜਾਵੇਗਾ, ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ। ਰਿਵਾਲਵਰ ਬਰਾਮਦ ਕਰਨ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ।