Tamil Nadu Crime Woman Suicide: ਤਾਮਿਲਨਾਡੂ ਦੇ ਤਿਰੂਪੁਰ ਵਿੱਚ 27 ਸਾਲਾ ਰਿਧਾਨਿਆ ਨੇ ਆਪਣੇ ਸਹੁਰਿਆਂ ਦੇ ਤਸ਼ੱਦਦ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ। ਰਿਧਾਨਿਆ ਦਾ ਵਿਆਹ 2 ਮਹੀਨੇ ਪਹਿਲਾ ਕਵਿਨਕੁਮਾਰ ਦੇ ਨਾਮ ਦੇ ਲਾੜੇ ਨਾਲ ਹੋਇਆ ਸੀ। ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਦਾਜ ਵਿੱਚ 800 ਗ੍ਰਾਮ ਸੋਨਾ ਅਤੇ 70 ਲੱਖ ਦੀ ਵੋਲਵੋ ਕਾਰ ਦਿੱਤੀ ਗਈ ਸੀ ਪਰ ਫਿਰ ਵੀ ਮੁੰਡੇ ਵਾਲਿਆਂ ਨੂੰ ਰੱਜ ਨਹੀਂ ਆਇਆ।
ਰਿਧਾਨਿਆ ਦੇ ਪਿਤਾ ਅੰਨਾਦੁਰਈ ਇੱਕ ਗਾਰਮੈਂਟ ਕੰਪਨੀ ਚਲਾਉਂਦੇ ਹਨ। ਉਨ੍ਹਾਂ ਨੇ ਆਪਣੀ ਧੀ ਦੇ ਵਿਆਹ ਵਿੱਚ ਕੋਈ ਕਮੀਂ ਨਹੀਂ ਛੱਡੀ ਪਰ ਫਿਰ ਵੀ ਉਨ੍ਹਾਂ ਦੀ ਧੀ ਨੂੰ ਇੰਨਾ ਪਰੇਸ਼ਾਨ ਕੀਤਾ ਗਿਆ ਕਿ ਉਸ ਨੇ ਆਹ ਕਦਮ ਚੁੱਕ ਲਿਆ।
ਰਿਧਾਨਿਆ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਉਹ ਮੋਂਡੀਪਲਾਇਮ ਮੰਦਿਰ ਜਾ ਰਹੀ ਹੈ ਪਰ ਉਹ ਅਸਲ ਵਿੱਚ ਆਪਣੀ ਜ਼ਿੰਦਗੀ ਖਤਮ ਕਰਨ ਜਾ ਰਹੀ ਸੀ। ਉਸ ਨੇ ਕਾਰ ਰਸਤੇ ਵਿੱਚ ਰੋਕੀ ਅਤੇ ਜ਼ਹਿਰੀਲੀਆਂ ਗੋਲੀਆਂ ਖਾ ਲਈਆਂ। ਉੱਥੇ ਹੀ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਸ ਦੇ ਮੂੰਹ ਵਿਚੋਂ ਝੱਗ ਨਿਕਲ ਰਿਹਾ ਸੀ।
ਰਿਧਾਨਿਆ ਨੇ ਆਪਣੀ ਮੌਤ ਤੋਂ ਪਹਿਲਾਂ ਆਪਣੇ ਪਿਤਾ ਨੂੰ ਵਾਟਸਐਪ ‘ਤੇ 7 ਆਡੀਓ ਮੈਸੇਜ ਭੇਜੇ, ਜਿਨ੍ਹਾਂ ਤੋਂ ਕਿਤੇ ਨਾ ਕਿਤੇ ਸੱਚਾਈ ਦਾ ਪਤਾ ਲੱਗਦਾ ਹੈ। ਉਸ ਨੇ ਕਿਹਾ ਕਿ ਉਹ ਆਪਣੇ ਪਤੀ ਅਤੇ ਸਹੁਰਿਆਂ ਵਲੋਂ ਕੀਤੇ ਜਾ ਰਹੇ ਮਾਨਸਿਕ ਤਸ਼ੱਦਦ ਤੋਂ ਥੱਕ ਗਈ ਹੈ। ਇੱਕ ਮੈਸੇਜ ਵਿੱਚ, ਉਸ ਨੇ ਕਿਹਾ: "ਮੈਂ ਹੁਣ ਉਨ੍ਹਾਂ ਦੇ ਰੋਜ਼ ਦੇ ਮਾਨਸਿਕ ਤਸ਼ੱਦਦ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਹਰ ਕੋਈ ਚਾਹੁੰਦਾ ਹੈ ਕਿ ਮੈਂ ਸਮਝੌਤਾ ਕਰਾਂ, ਪਰ ਮੈਂ ਇਸ ਨੂੰ ਹੋਰ ਨਹੀਂ ਸਹਿ ਸਕਦੀ।" ਉਸ ਨੇ ਸਾਫ ਕਿਹਾ ਕਿ ਉਹ ਝੂਠ ਨਹੀਂ ਬੋਲ ਰਹੀ ਅਤੇ ਹਰ ਕੋਈ ਉਸ ਦੇ ਆਲੇ ਦੁਆਲੇ ਨਾਟਕ ਕਰ ਰਿਹਾ ਹੈ।
ਰਿਧਾਨਿਆ ਦੀ ਮੌਤ ਤੋਂ ਬਾਅਦ, ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਦੇ ਪਤੀ ਕਵਿਨਕੁਮਾਰ, ਸਹੁਰਾ ਈਸ਼ਵਰਮੂਰਤੀ ਅਤੇ ਸੱਸ ਚਿੱਤਰਾਦੇਵੀ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ‘ਤੇ ਦਾਜ ਲਈ ਪਰੇਸ਼ਾਨ ਅਤੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ, ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਰਿਧਾਨਿਆ ਵੱਲੋਂ ਭੇਜੇ ਗਏ ਆਡੀਓ ਮੈਸੇਜ ਨੂੰ ਵੀ ਸਬੂਤ ਵਜੋਂ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ ਹੈ।