Target Killing in Jammu Kashmir : ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਅੱਤਵਾਦੀ ਨੇ ਬੈਂਕ ਵਿੱਚ ਦਾਖਲ ਹੋ ਕੇ ਰਾਜਸਥਾਨ ਨਾਲ ਸਬੰਧਤ ਬੈਂਕ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਨਾਲ ਸਬੰਧਤ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ। ਇਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਧਰ-ਉਧਰ ਦੇਖ ਕੇ ਅੱਤਵਾਦੀ ਬੈਂਕ ਦੇ ਅੰਦਰ ਦਾਖਲ ਹੋ ਗਿਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।


1 ਮਈ ਤੋਂ ਬਾਅਦ ਘਾਟੀ ਵਿੱਚ ਇਹ ਤੀਜੀ ਵਾਰ ਹੈ ਜਦੋਂ ਕਿਸੇ ਗੈਰ-ਮੁਸਲਿਮ ਸਰਕਾਰੀ ਕਰਮਚਾਰੀ ਦੀ ਹੱਤਿਆ ਕੀਤੀ ਗਈ ਹੈ। ਇਸ ਦੇ ਨਾਲ ਹੀ ਪਿਛਲੇ ਇੱਕ ਮਹੀਨੇ ਵਿੱਚ ਟਾਰਗੇਟ ਕਤਲ ਦਾ ਇਹ ਅੱਠਵਾਂ ਮਾਮਲਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਜੇ ਕੁਮਾਰ ਦੱਖਣੀ ਕਸ਼ਮੀਰ ਜ਼ਿਲੇ 'ਚ ਇਲਾਕਾਈ ਦੇਹਤੀ ਬੈਂਕ ਦੀ ਅਰੇਹ ਮੋਹਨਪੋਰਾ ਸ਼ਾਖਾ 'ਚ ਮੈਨੇਜਰ ਸੀ। ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।

  ਹਾਲ ਹੀ ਵਿੱਚ ਕੁਲਗਾਮ ਆਏ ਸਨ ਬੈਂਕ ਕਰਮਚਾਰੀ

ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਰਹਿਣ ਵਾਲੇ ਕੁਮਾਰ ਨੇ ਇੱਕ ਹਫ਼ਤਾ ਪਹਿਲਾਂ ਕੁਲਗਾਮ ਸ਼ਾਖਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਉਹ ਪਹਿਲਾਂ ਕੇਂਦਰ ਸਰਕਾਰ, ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਅਤੇ ਭਾਰਤੀ ਸਟੇਟ ਬੈਂਕ ਦੀ ਸਹਿ-ਮਾਲਕੀਅਤ ਵਾਲੇ ਬੈਂਕ ਦੀ ਕੋਕਰਨਾਗ ਸ਼ਾਖਾ ਵਿੱਚ ਕੰਮ ਕਰ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਦੋ ਦਿਨ ਪਹਿਲਾਂ 31 ਮਈ ਨੂੰ ਅੱਤਵਾਦੀਆਂ ਨੇ ਕੁਲਗਾਮ ਜ਼ਿਲ੍ਹੇ ਦੇ ਗੋਪਾਲਪੁਰ ਵਿਖੇ ਜੰਮੂ ਦੇ ਸਾਂਬਾ ਜ਼ਿਲ੍ਹੇ ਦੀ ਹਿੰਦੂ ਅਧਿਆਪਕਾ ਰਜਨੀ ਬਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਪਹਿਲਾਂ 12 ਮਈ ਨੂੰ ਰਾਹੁਲ ਭੱਟ ਦੀ ਬਡਗਾਮ ਜ਼ਿਲ੍ਹੇ ਦੀ ਚਦੂਰਾ ਤਹਿਸੀਲ ਵਿੱਚ ਤਹਿਸੀਲਦਾਰ ਦਫ਼ਤਰ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਸ਼ਮੀਰ ਵਿੱਚ 1 ਮਈ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੇ ਅੱਠ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚ ਪੰਜ ਨਾਗਰਿਕ ਅਤੇ ਤਿੰਨ ਪੁਲੀਸ ਮੁਲਾਜ਼ਮ ਸ਼ਾਮਲ ਸਨ। ਇਹ ਪੁਲੀਸ ਮੁਲਾਜ਼ਮ ਡਿਊਟੀ ’ਤੇ ਨਹੀਂ ਸਨ।