Tata Acquired Air India: ਅਣਗਿਣਤ ਮੁਸਾਫਰਾਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਾਉਣ ਵਾਲੀ ਏਅਰ ਇੰਡੀਆ ਨੂੰ ਖਰੀਦਦਾਰ ਮਿਲ ਗਿਆ ਹੈ। ਟਾਟਾ ਸੰਸ ਨੇ ਏਅਰ ਇੰਡੀਆ ਦੀ ਬੋਲੀ ਜਿੱਤ ਲਈ ਹੈ। ਇਸ ਦਾ ਅਧਿਕਾਰਤ ਐਲਾਨ ਹੋਣਾ ਬਾਕੀ ਹੈ।
ਸਿਵਿਲ ਏਵੀਏਸ਼ਨ ਮਿਨਿਸਟ੍ਰੀ ਦੇ ਅਧਿਕਾਰਤ ਸੂਤਰਾਂ ਦੇ ਮੁਤਾਬਕ ਏਅਰ ਇੰਡੀਆ ਦੀ ਵਿਕਰੀ ਲਈ ਲਾਈ ਗਈ ਦੋਵੇਂ ਬੋਲੀਆਂ 'ਚੋਂ ਸਰਕਾਰ ਨੇ ਟਾਟਾ ਗਰੁੱਪ ਨੂੰ ਚੁਣਿਆ ਹੈ। ਟਾਟਾ ਗਰੁੱਪ ਤੇ ਸਪਾਈਸਜੈੱਟ ਦੇ ਚੇਅਰਮੈਨ ਅਜੇ ਸਿੰਘ ਨੇ ਏਅਰ ਇੰਡੀਆ ਨੂੰ ਖਰੀਦਣ ਲਈ ਆਖਰੀ ਬੋਲੀ ਲਾਈ ਸੀ।
ਏਅਰ ਇੰਡੀਆ ਦੀ ਘਰ ਵਾਪਸੀ
ਏਅਰ ਇੰਡੀਆ ਨੂੰ 1932 'ਚ ਟਾਟਾ ਗਰੁੱਪ ਨੇ ਹੀ ਸ਼ੁਰੂ ਕੀਤਾ ਸੀ। ਟਾਟਾ ਸਮੂਹ ਦੇ ਜੇਆਰਡੀ ਟਾਟਾ ਇਸ ਦੇ ਫਾਊਂਡਰ ਸਨ। ਉਦੋਂ ਏਅਰ ਇੰਡੀਆ ਦਾ ਨਾਂਅ ਟਾਟਾ ਏਅਰ ਸਰਵਿਸ ਰੱਖਿਆ ਗਿਆ ਸੀ। 1938 ਤਕ ਕੰਪਨੀ ਨੇ ਆਪਣੀਆਂ ਘਰੇਲੂ ਉਡਾਣਾਂ ਸ਼ੁਰੂ ਕਰ ਦਿੱਤੀਆਂ ਸਨ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਸ ਨੂੰ ਸਰਕਾਰੀ ਕੰਪਨੀ ਬਣਾ ਦਿੱਤਾ ਗਿਆ। ਆਜ਼ਾਦੀ ਤੋਂ ਬਾਅਦ ਸਰਕਾਰ ਨੇ ਇਸ 'ਚ 49 ਫੀਸਦ ਹਿੱਸੇਦਾਰੀ ਖਰੀਦੀ।
ਟਾਟਾ ਸੰਸ ਨੂੰ ਚੁੱਕਣਾ ਹੋਵੇਗਾ 23,286.5 ਕਰੋੜ ਰੁਪਏ ਦੇ ਕਰਜ਼ ਦਾ ਬੋਝ
ਸਾਲ 2007 'ਚ ਇੰਡੀਅਨ ਏਅਰਲਾਇਨਜ਼ 'ਚ ਵਿਲਯ ਤੋਂ ਬਾਅਦ ਤੋਂ ਏਅਰ ਇੰਡੀਆ ਕਦੇ ਨੈੱਟ ਪ੍ਰੌਫਿਟ 'ਚ ਨਹੀਂ ਰਹੀ ਹੈ। ਏਅਰ ਇੰਡੀਆ 'ਚ ਮਾਰਚ 2021 'ਚ ਖ਼ਤਮ ਤਿਮਾਹੀ 'ਚ ਲਗਪਗ 10,000 ਕਰੋੜ ਰੁਪਏ ਦਾ ਘਾਟਾ ਹੋਣ ਦਾ ਖਦਸ਼ਾ ਜਤਾਇਆ ਗਿਆ।
ਕੰਪਨੀ ਤੇ 31 ਮਾਰਚ, 2019 ਤਕ ਕੁੱਲ 60,074 ਕਰੋੜ ਰੁਪਏ ਦਾ ਕਰਜ਼ ਸੀ। ਹੁਣ ਟਾਟਾ ਸੰਸ ਨੂੰ ਇਸ 'ਚ 23,286.5 ਕਰੋੜ ਰੁਪਏ ਦੇ ਕਰਜ਼ ਦਾ ਬੋਝ ਚੁੱਕਣਾ ਹੋਵੇਗਾ। ਮੌਜੂਦਾ ਸਮੇਂ 'ਚ ਏਅਰ ਇੰਡੀਆ ਦੇਸ਼ 'ਚ 4400 ਤੇ ਵਿਦੇਸ਼ਾਂ 'ਚ 1800 ਲੈਂਡਿੰਗ 'ਤੇ ਪਾਰਕਿੰਗ ਸਲੌਟ ਨੂੰ ਕੰਟਰੋਲ ਕਰਦੀ ਹੈ।