Lok Sabha Election Result 2024: ਲੋਕ ਸਭਾ ਚੋਣਾਂ ਦੇ ਨਤੀਜੇ ਆਉਂਦੇ ਹੀ ਕੇਂਦਰ ਵਿੱਚ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਬੀਜੇਪੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ (ਐਨਡੀਏ) ਨੂੰ ਬਹੁਮਤ ਮਿਲ ਗਿਆ ਹੈ, ਪਰ ਇਸ ਵਾਰ ਸੱਤਾ ਦੀਆਂ ਚਾਬੀਆਂ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਮੁਖੀ ਐਨ ਚੰਦਰਬਾਬੂ ਨਾਇਡੂ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਹੱਥਾਂ ਵਿੱਚ ਹਨ। ਅਜਿਹਾ ਇਸ ਲਈ ਕਿਉਂਕਿ ਭਾਜਪਾ ਨੂੰ ਆਪਣੇ ਦਮ 'ਤੇ ਬਹੁਮਤ ਨਹੀਂ ਮਿਲਿਆ।


ਦੂਜੇ ਪਾਸੇ ਇੰਡੀਆ ਗੱਠਜੋੜ ਨੇ ਵੀ ਚੰਦਰਬਾਬੂ ਨਾਇਡੂ ਤੇ ਨਿਤੀਸ਼ ਕੁਮਾਰ ਉਪਰ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਸੂਤਰਾਂ ਮੁਤਾਬਕ ਸ਼ਰਦ ਪਵਾਰ ਨੇ ਚੰਦਰਬਾਬੂ ਨਾਇਡੂ ਤੇ ਨਿਤੀਸ਼ ਕੁਮਾਰ ਨਾਲ ਗੱਲ ਕੀਤੀ ਹੈ। ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਕੋਲ 16 ਤੇ ਜੇਡੀਯੂ ਕੋਲ 12 ਸੀਟਾਂ ਹਨ। ਜੇਕਰ ਐਨਡੀਏ ਤੋਂ ਇਹ 38 ਸੀਟਾਂ ਵੱਖ ਹੁੰਦੀਆਂ ਹਨ ਤਾਂ ਬੀਜੇਪੀ ਸਰਕਾਰ ਨਹੀਂ ਬਣਾ ਸਕੇਗੀ।



ਅਜਿਹੇ 'ਚ ਅੱਜ ਬੁੱਧਵਾਰ (5 ਜੂਨ, 2024) ਨੂੰ ਦਿੱਲੀ 'ਚ ਕਾਂਗਰਸ, ਟੀਐਮਸੀ ਤੇ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ਵਾਲੇ ਵਿਰੋਧੀ ਗਠਜੋੜ 'ਇੰਡੀਆ' ਦੀ ਬੈਠਕ ਹੋਣੀ ਹੈ। ਇਸ ਦੇ ਨਾਲ ਹੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦੀ ਵੀ ਮੀਟਿੰਗ ਹੋਵੇਗੀ। ਇਸ ਤੋਂ ਇਲਾਵਾ ਅੱਜ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵੀ ਹੋ ਸਕਦੀ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਿ ਬੈਠਕ 'ਚ ਕਿਹੜੇ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ?



ਵਿਰੋਧੀ ਗਠਜੋੜ 'ਇੰਡੀਆ' ਦੀ ਬੈਠਕ 'ਚ ਕੀ ਹੋਵੇਗੀ ਚਰਚਾ?
ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ 5 ਜੂਨ ਨੂੰ 'ਇੰਡੀਆ' ਗਠਜੋੜ ਦੀ ਬੈਠਕ 'ਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੂਤਰਾਂ ਨੇ 'ਏਬੀਪੀ ਨਿਊਜ਼' ਨੂੰ ਦੱਸਿਆ ਕਿ ਮੀਟਿੰਗ 'ਚ ਨਵੇਂ ਸਹਿਯੋਗੀਆਂ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ 'ਤੇ ਵੀ ਚਰਚਾ ਹੋ ਸਕਦੀ ਹੈ। 


ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੀ ਤਰਜੀਹ ਸਰਕਾਰ ਦੀ ਅਗਵਾਈ ਕਰਨਾ ਨਹੀਂ, ਸਗੋਂ ਹੋਰ ਛੋਟੀਆਂ ਪਾਰਟੀਆਂ ਨੂੰ ਸਮਰਥਨ ਦੇਣਾ ਹੈ। ਕਾਂਗਰਸ ਲੀਡਰਸ਼ਿਪ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਨਾਲ ਹੋਈ ਗੱਲਬਾਤ ਬਾਰੇ ਵੀ ਗਠਜੋੜ ਵਿੱਚ ਸ਼ਾਮਲ ਪਾਰਟੀਆਂ ਦੇ ਆਗੂਆਂ ਨੂੰ ਸੂਚਿਤ ਕਰੇਗੀ। ਜੇਕਰ ਗਠਜੋੜ 'ਇੰਡੀਆ' 'ਚ ਸ਼ਾਮਲ ਕੋਈ ਵੀ ਪਾਰਟੀ ਪ੍ਰਧਾਨ ਮੰਤਰੀ ਅਹੁਦੇ ਦੇ ਚਿਹਰੇ 'ਤੇ ਚਰਚਾ ਕਰਦੀ ਹੈ ਤਾਂ ਇਸ 'ਤੇ ਵੀ ਗੱਲਬਾਤ ਹੋ ਸਕਦੀ ਹੈ।


NDA ਦੀ ਬੈਠਕ 'ਚ ਕੀ ਹੋਵੇਗਾ?
ਐਨਡੀਏ ਦੀ ਮੀਟਿੰਗ ਬਹੁਤ ਅਹਿਮ ਹੋਣ ਜਾ ਰਹੀ ਹੈ। ਆਂਧਰਾ ਪ੍ਰਦੇਸ਼ ਵਿੱਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੇ ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਤੇ ਜੇਡੀਯੂ ਪ੍ਰਧਾਨ ਨਿਤੀਸ਼ ਕੁਮਾਰ ਤੇ ਹੋਰ ਆਗੂ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ। ਦੋਵਾਂ ਨੇਤਾਵਾਂ ਦਾ ਐਨਡੀਏ ਵਿੱਚ ਬਣੇ ਰਹਿਣਾ ਬਹੁਤ ਜ਼ਰੂਰੀ ਹੈ। ਅਜਿਹਾ ਇਸ ਲਈ ਕਿਉਂਕਿ ਕੇਂਦਰ ਵਿੱਚ ਸਰਕਾਰ ਬਣਾਉਣ ਲਈ 272 ਸੀਟਾਂ ਦੀ ਲੋੜ ਹੈ। ਭਾਜਪਾ ਨੇ 240 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਟੀਡੀਪੀ ਨੇ 16 ਸੀਟਾਂ ਜਿੱਤੀਆਂ ਹਨ। ਇਸ ਤੋਂ ਇਲਾਵਾ ਜੇਡੀਯੂ ਨੇ 12 ਸੀਟਾਂ ਜਿੱਤੀਆਂ ਹਨ।


ਅਜਿਹੇ 'ਚ ਜੇਕਰ ਜੇਡੀਯੂ ਤੇ ਟੀਡੀਪੀ ਪੱਖ ਬਦਲ ਕੇ 'ਇੰਡੀਆ' ਗਠਜੋੜ 'ਚ ਸ਼ਾਮਲ ਹੋ ਜਾਂਦੇ ਹਨ ਤਾਂ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ ਸਰਕਾਰ ਬਣਾਉਣ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਦੋਵੇਂ ਪਾਰਟੀਆਂ ਨੇ ਫਿਲਹਾਲ ਗਠਜੋੜ 'ਇੰਡੀਆ' 'ਚ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।


ਕੇਂਦਰੀ ਮੰਤਰੀ ਮੰਡਲ ਦੀ ਬੈਠਕ ਦਾ ਏਜੰਡਾ?
ਕੇਂਦਰੀ ਮੰਤਰੀ ਮੰਡਲ ਦੀ ਬੈਠਕ ਬੁੱਧਵਾਰ ਨੂੰ ਵੀ ਹੋ ਸਕਦੀ ਹੈ। ਸਮਾਚਾਰ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਪੀਐਮ ਮੋਦੀ ਨੇ ਲੋਕ ਕਲਿਆਣ ਮਾਰਗ ਸਥਿਤ ਆਪਣੇ ਨਿਵਾਸ 'ਤੇ ਬੈਠਕ ਬੁਲਾਈ ਹੈ। 17ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫ਼ਾਰਸ਼ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਦਾ ਕਾਰਜਕਾਲ 16 ਜੂਨ ਨੂੰ ਖ਼ਤਮ ਹੋ ਰਿਹਾ ਹੈ।