Teesta Setalvad On Gujarat HC : 2002 ਦੇ ਗੁਜਰਾਤ ਦੰਗਿਆਂ 'ਤੇ ਸੂਬੇ ਨੂੰ ਬਦਨਾਮ ਕਰਨ ਦੀ ਆਰੋਪੀ ਤੀਸਤਾ ਸੇਤਲਵਾੜ ਨੂੰ ਗੁਜਰਾਤ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਗੁਜਰਾਤ ਹਾਈ ਕੋਰਟ ਨੇ ਉਸ ਨੂੰ ਤੁਰੰਤ ਸਰੰਡਰ ਕਰਨ ਲਈ ਕਿਹਾ ਹੈ।
ਪਿਛਲੇ ਸਾਲ ਸਤੰਬਰ 2022 ਵਿੱਚ ਸੁਪਰੀਮ ਕੋਰਟ ਨੇ ਤੀਸਤਾ ਨੂੰ ਸ਼ਰਤੀਆ ਜ਼ਮਾਨਤ ਦੇ ਦਿੱਤੀ ਸੀ ਅਤੇ ਉਸਨੂੰ ਗੁਜਰਾਤ ਹਾਈ ਕੋਰਟ ਵਿੱਚ ਜਾਣ ਲਈ ਕਿਹਾ ਸੀ। ਸ਼ਨੀਵਾਰ (1 ਜੁਲਾਈ) ਨੂੰ ਗੁਜਰਾਤ ਹਾਈ ਕੋਰਟ ਨੇ ਤੀਸਤਾ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ। ਅਦਾਲਤ ਨੇ ਤੀਸਤਾ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਉਸ ਦੇ ਵਕੀਲ ਨੇ ਉਸ ਨੂੰ ਅਗਲੇ 30 ਦਿਨਾਂ ਤੱਕ ਗ੍ਰਿਫ਼ਤਾਰ ਨਾ ਕਰਨ ਦੀ ਬੇਨਤੀ ਕੀਤੀ ਸੀ ਪਰ ਜਸਟਿਸ ਦੇਸਾਈ ਦੀ ਬੈਂਚ ਨੇ ਉਸ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਅਤੇ ਉਸ ਨੂੰ ਤੁਰੰਤ ਸਰੰਡਰ ਕਰਨ ਲਈ ਕਿਹਾ।
ਬੇਕਸੂਰ ਲੋਕਾਂ ਨੂੰ ਫਸਾਉਣ ਦਾ ਆਰੋਪ
ਤੀਸਤਾ ਨੂੰ ਗੁਜਰਾਤ ਪੁਲਿਸ ਨੇ ਪਿਛਲੇ ਸਾਲ 25 ਜੂਨ 2022 ਨੂੰ ਗ੍ਰਿਫਤਾਰ ਕੀਤਾ ਸੀ। ਤੀਸਤਾ 'ਤੇ 2002 ਦੇ ਗੁਜਰਾਤ ਦੰਗਿਆਂ ਵਿਚ ਬੇਕਸੂਰ ਲੋਕਾਂ ਨੂੰ ਫਸਾਉਣ ਦੀ ਸਾਜ਼ਿਸ਼ ਰਚਣ ਅਤੇ ਇਸ ਲਈ ਸਬੂਤਾਂ ਨਾਲ ਛੇੜਛਾੜ ਕਰਨ ਅਤੇ ਇਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਹੈ। ਇਹ ਐਫਆਈਆਰ ਅਹਿਮਦਾਬਾਦ ਬਿਊਰੋ ਵੱਲੋਂ ਉਸ ਵਿਰੁੱਧ ਦਰਜ ਕਰਵਾਈ ਗਈ ਸੀ ਅਤੇ ਉਸ ਤੋਂ ਬਾਅਦ ਉਸ ਨੂੰ 7 ਦਿਨਾਂ ਤੱਕ ਪੁਲੀਸ ਹਿਰਾਸਤ ਵਿੱਚ ਰੱਖਣ ਤੋਂ ਬਾਅਦ 2 ਜੁਲਾਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੀ।
ਤੀਸਤਾ ਨੂੰ ਪਿਛਲੇ ਸਾਲ ਕਿਉਂ ਕੀਤਾ ਗਿਆ ਸੀ ਗ੍ਰਿਫਤਾਰ ?
ਪਿਛਲੇ ਸਾਲ ਗੁਜਰਾਤ ਦੰਗਿਆਂ ਨਾਲ ਜੁੜੇ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਾਂਗਰਸ ਦੇ ਸੰਸਦ ਮੈਂਬਰ ਅਹਿਸਾਨ ਜਾਫਰੀ ਦੀ ਪਤਨੀ ਜ਼ਕੀਆ ਜਾਫਰੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਅਹਿਸਾਨ ਜਾਫਰੀ ਦੀ ਗੁਜਰਾਤ ਦੰਗਿਆਂ ਵਿੱਚ ਮੌਤ ਹੋ ਗਈ ਸੀ। ਸੁਪਰੀਮ ਕੋਰਟ ਨੇ ਆਪਣਾ ਫੈਸਲਾ ਦਿੰਦੇ ਹੋਏ ਕਿਹਾ ਕਿ ਜ਼ਕੀਆ ਦੀ ਪਟੀਸ਼ਨ 'ਚ ਕੋਈ ਮੈਰਿਟ ਨਹੀਂ ਹੈ ਅਤੇ ਤੀਸਤਾ ਸੀਤਲਵਾੜ ਇਸ ਲਈ ਜ਼ਿੰਮੇਵਾਰ ਹੈ ਕਿਉਂਕਿ ਉਸ ਨੇ ਜ਼ਕੀਆ ਨੂੰ ਵਾਰ-ਵਾਰ ਆਪਣੇ ਫਾਇਦੇ ਲਈ ਭਾਵਨਾਤਮਕ ਤੌਰ 'ਤੇ ਇਸਤੇਮਾਲ ਕੀਤਾ ਸੀ।
ਸੁਪਰੀਮ ਕੋਰਟ ਨੇ ਕਿਹਾ, ਤੀਸਤਾ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਉਹ ਇਸ ਕੇਸ ਨੂੰ ਲੰਬੇ ਸਮੇਂ ਤੱਕ ਜਿਉਂਦਾ ਰੱਖ ਸਕੇ ਅਤੇ ਇਸ ਦਾ ਫਾਇਦਾ ਉਠਾ ਸਕੇ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਅਜਿਹੇ ਲੋਕਾਂ ਨੂੰ ਕਾਨੂੰਨ ਦੇ ਦਾਇਰੇ 'ਚ ਲਿਆ ਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਗਲੇ ਦਿਨ ਹੀ ਤੀਸਤਾ ਨੂੰ ਗੁਜਰਾਤ ਪੁਲਿਸ ਨੇ ਮੁੰਬਈ ਤੋਂ ਗ੍ਰਿਫ਼ਤਾਰ ਕਰ ਲਿਆ ਸੀ।