ਦੁਬਈ ਏਅਰ ਸ਼ੋਅ 2025 ਦੌਰਾਨ ਭਾਰਤੀ ਹਵਾਈ ਸੈਨਾ ਦੇ ਤੇਜਸ ਲੜਾਕੂ ਜਹਾਜ਼ ਨਾਲ ਹੋਈ ਭਿਆਨਕ ਦੁਰਘਟਨਾ ਦੇ ਕਾਰਣਾਂ ਬਾਰੇ ਅਜੇ ਤੱਕ ਪੂਰੀ ਤਰ੍ਹਾਂ ਸਪਸ਼ਟਤਾ ਨਹੀਂ ਆ ਸਕੀ। ਹਾਲਾਂਕਿ ਰੱਖਿਆ ਮਾਹਿਰਾਂ ਨੇ ਇਸ ਹਾਦਸੇ ਦੇ ਪਿੱਛੇ ਜੀ-ਫੋਰਸ ਬਲੈਕਆਉਟ ਹੋਣ ਦੀ ਸੰਭਾਵਨਾ ਜਤਾਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਪਹਿਲਾਂ ਜਹਾਜ਼ ਨੂੰ ਘੱਟ ਉਚਾਈ ‘ਤੇ ਵਾਰ-ਵਾਰ ਯੁੱਧ ਅਭਿਆਸ ਕਰਦੇ ਵੇਖਿਆ ਗਿਆ, ਜਿਸ ਦੌਰਾਨ ਉਹ ਅਚਾਨਕ ਉਚਾਈ ਗੁਆਂਦਾ ਹੋਇਆ ਸਿੱਧਾ ਜ਼ਮੀਨ ਨਾਲ ਟਕਰਾ ਗਿਆ। ਇਸ ਤੋਂ ਬਾਅਦ ਜੀ-ਫੋਰਸ ਬਲੈਕਆਉਟ ਦੀ ਸੰਭਾਵਨਾ ‘ਤੇ ਧਿਆਨ ਵੱਧ ਗਿਆ ਹੈ।
ਰੱਖਿਆ ਮਾਹਿਰ ਰਿਟਾਇਰਡ ਕੈਪਟਨ ਅਨਿਲ ਗੌੜ ਨੇ ਕਿਹਾ ਕਿ ਤੇਜਸ ਜੈੱਟ ਦੇ ਕਰੈਸ਼ ਦੀ ਪ੍ਰਕ੍ਰਿਤੀ ਨੂੰ ਦੇਖਦਿਆਂ ਇਹ ਲੱਗਦਾ ਹੈ ਕਿ ਪਾਇਲਟ ਨੇ ਸ਼ਾਇਦ ਏਅਰ ਸ਼ੋਅ ਦੇ ਦੌਰਾਨ ਜਹਾਜ਼ ‘ਤੇ ਕੰਟਰੋਲ ਖੋ ਦਿੱਤਾ ਹੋਵੇ ਜਾਂ ਫਿਰ ਬਹੁਤ ਜ਼ਿਆਦਾ ਗ੍ਰੈਵਿਟੇਸ਼ਨਲ ਫੋਰਸ ਕਾਰਨ ਉਹ ਬਲੈਕਆਉਟ ਦਾ ਸ਼ਿਕਾਰ ਹੋ ਗਿਆ ਹੋਵੇ। ਉਨ੍ਹਾਂ ਦੇ ਅਨੁਸਾਰ, ਇਸ ਕਾਰਨ ਜਹਾਜ਼ ਸਮੇਂ ‘ਤੇ ਸੰਤੁਲਨ ਨਹੀਂ ਬਣਾਅ ਸਕਿਆ ਅਤੇ ਬੇਕਾਬੂ ਹੋ ਕੇ ਕਰੈਸ਼ ਹੋ ਗਿਆ।
ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦੇ ਹੋਏ ਰਿਟਾਇਰਡ ਕੈਪਟਨ ਅਨਿਲ ਗੌੜ ਨੇ ਤੇਜਸ ਲੜਾਕੂ ਜਹਾਜ਼ ਦੀ ਦੁਬਈ ਏਅਰ ਸ਼ੋਅ ਦੌਰਾਨ ਹੋਈ ਦਰਦਨਾਕ ਹਾਦਸੇ ਤੇ ਪਾਇਲਟ ਵਿੰਗ ਕਮਾਂਡਰ ਨਮਨਸ਼ ਸਿਆਲ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਏਅਰ ਸ਼ੋਅ ਵਿੱਚ ਸਾਡਾ ਤੇਜਸ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਇਸ ਦੌਰਾਨ ਸਾਡੇ ਬਹਾਦੁਰ ਪਾਇਲਟ ਦੀ ਜਾਨ ਚਲੀ ਗਈ।
ਗੌੜ ਨੇ ਕਿਹਾ ਕਿ ਵੀਡੀਓਜ਼ ਅਤੇ ਦ੍ਰਿਸ਼ਾਂ ਨੂੰ ਦੇਖ ਕੇ ਲੱਗਦਾ ਹੈ ਕਿ ਪਾਇਲਟ ਸ਼ਾਇਦ ਜਹਾਜ਼ ਦੀ ਕਲਾਬਾਜ਼ੀ ਕਰਦੇ ਸਮੇਂ ਕੰਟਰੋਲ ਖੋ ਬੈਠਾ ਜਾਂ ਫਿਰ 'ਬਲੈਕਆਊਟ' ਦਾ ਸ਼ਿਕਾਰ ਹੋ ਗਿਆ ਹੋਵੇ। ਉਨ੍ਹਾਂ ਦੱਸਿਆ ਕਿ ਬਲੈਕਆਊਟ ਅਸਲ 'ਚ ਹਾਈ ਗਰੈਵਿਟੇਸ਼ਨਲ ਫੋਰਸ ਕਾਰਨ ਹੁੰਦਾ ਹੈ, ਜਿਸ ਨਾਲ ਪਾਇਲਟ ਦੇ ਪੈਰਾਂ ਵਿਚ ਖੂਨ ਰੁਕ ਜਾਂਦਾ ਹੈ। ਇਸ ਕਾਰਨ ਪਾਇਲਟ G-ਸੂਟ ਪਹਿਨਦੇ ਹਨ, ਤਾਂ ਜੋ ਇਹ ਪ੍ਰਭਾਵ ਘੱਟ ਰਹੇ। ਗੌੜ ਨੇ ਕਿਹਾ ਕਿ ਹਾਦਸੇ ਦਾ ਅਸਲੀ ਕਾਰਨ ਕੇਵਲ ਕਾਕਪਿਟ ਤੋਂ ਮਿਲਣ ਵਾਲੇ ਤਕਨੀਕੀ ਡਾਟਾ ਦੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਆਖਿਰਕਾਰ ਜਹਾਜ਼ ਕਿਵੇਂ ਕਾਬੂ ਤੋਂ ਬਾਹਰ ਗਿਆ - ਪਾਇਲਟ ਦੀ ਗਲਤੀ, ਤਕਨੀਕੀ ਖਾਮੀ ਜਾਂ ਫਿਰ ਜੀ-ਫੋਰਸ ਬਲੈਕਆਊਟ।
ਭਾਰਤੀ ਵਾਯੂ ਸੈਨਾ ਦਾ ਤੇਜਸ ਲੜਾਕੂ ਜਹਾਜ਼ ਦੁਬਈ ਏਅਰ ਸ਼ੋ 2025 ਦੌਰਾਨ ਡੈਮੋਨਸਟ੍ਰੇਸ਼ਨ ਫਲਾਈਟ ਕਰਦੇ ਹੋਏ ਸ਼ੁੱਕਰਵਾਰ ਯਾਨੀਕਿ 21 ਨਵੰਬਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 2:10 ਵਜੇ ਕਰੈਸ਼ ਹੋ ਗਿਆ। ਜਹਾਜ਼ ਹਵਾਈ ਕਰਤੱਬ ਦਿਖਾ ਰਿਹਾ ਸੀ, ਪਰ ਅਚਾਨਕ ਪਾਇਲਟ ਜਹਾਜ਼ ‘ਤੇ ਕਾਬੂ ਗੁਆ ਬੈਠਾ ਅਤੇ ਜਹਾਜ਼ ਜ਼ਮੀਨ ‘ਚ ਜਾ ਡਿੱਗਿਆ। ਇਸ ਦੁਰਘਟਨਾ ਤੋਂ ਬਾਅਦ ਭਾਰਤੀ ਹਵਾਈ ਸੈਨਾ ਵੱਲੋਂ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।