Haryana News: ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਤਣਾਅ ਵਾਲਾ ਮਾਹੌਲ ਬਣ ਗਿਆ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਿਆਂ ਦੀ ਸੇਵਾ ਸੰਭਾਲਣ ਤੋਂ ਬਾਅਦ ਸੂਬੇ ਭਰ ਦੇ ਗੁਰਦੁਆਰਿਆਂ 'ਚ ਹਲਚਲ ਤੇਜ਼ ਹੋ ਗਈ ਹੈ। ਟਕਰਾਅ ਦੀ ਸ਼ੰਕਾ ਨੂੰ ਵੇਖਦਿਆਂ ਕੁਰੂਕਸ਼ੇਤਰ ਦੇ ਗੁਰਦੁਆਰਿਆਂ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। 



ਦੱਸ ਦਈਏ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਰੂਕਸ਼ੇਤਰ ਦੇ ਗੁਰਧਾਮਾਂ ਦੀ ਸੇਵਾ ਸੰਭਾਲਣ ਤੋਂ ਬਾਅਦ ਸੂਬੇ ਭਰ ਦੇ ਗੁਰਦੁਆਰਿਆਂ ਵਿੱਚ ਤਣਾਅ ਪੈਦਾ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਕਾਰਵਾਈ 'ਤੇ ਇਤਰਾਜ਼ ਕੀਤੇ ਜਾਣ ਤੋਂ ਬਾਅਦ ਐਸਜੀਪੀਸੀ ਸਮਰਥਕ ਕੁਰੂਕਸ਼ੇਤਰ ਵਿੱਚ ਇਕੱਠੇ ਹੋਣ ਲੱਗੇ ਹਨ। ਖੁਫੀਆ ਰਿਪੋਰਟਾਂ ਮੁਤਾਬਕ ਦੋਵਾਂ ਧਿਰਾਂ ਦੇ ਸਮਰਥਕ ਕੁਰੂਕਸ਼ੇਤਰ 'ਚ ਇਕੱਠੇ ਹੋਣ 'ਤੇ ਸਥਿਤੀ ਤਣਾਅਪੂਰਨ ਬਣ ਸਕਦੀ ਹੈ। 



ਇਸ ਲਈ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਗੁਰਦੁਆਰੇ ਦੇ ਆਲੇ-ਦੁਆਲੇ ਦੇ ਰਸਤਿਆਂ 'ਤੇ ਬੈਰੀਕੇਡਿੰਗ ਕੀਤੀ ਗਈ ਹੈ ਤੇ ਹਰ ਪੁਆਇੰਟ 'ਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।


ਜ਼ਿਕਰ ਕਰ ਦਈਏ ਕਿ ਸੁਪਰੀਮ ਕੋਰਟ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਖਾਰਜ ਕਰਨ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਮਿਲਣ ਤੋਂ ਬਾਅਦ ਨਵ ਨਿਯੁਕਤ ਕਮੇਟੀ ਵੱਲੋਂ ਨਿਰੰਤਰ ਕਾਰਜਸ਼ੀਲ ਰਹਿੰਦੇ ਹੋਏ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਅਪਣੇ ਹੱਥਾਂ ‘ਚ ਲੈਣ ਦੀ ਕਵਾਇਦ ਸ਼ੁਰੂ ਕਰਦਿਆਂ ਗੁਰਦੁਆਰਾ ਪਾਤਸ਼ਾਹੀ ਛੇਵੀਂ ਕਰੁਕਸ਼ੇਤਰ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਨਵਾਂ ਤਾਲਾ ਜੜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਸਿੱਖ ਮਿਸ਼ਨ ਦੇ ਦਫਤਰ ਨੂੰ ਵੀ ਅਪਣੇ ਹੱਥੀ ਲੈਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਕਾਰਜ ਪ੍ਰਤੀ ਸਖਤ ਇਤਰਾਜ਼ ਜਤਾਇਆ ਗਿਆ ਤੇ ਹਰਿਆਣਾ ਸਰਕਾਰ ਨੂੰ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਦੇ ਵਿਚ ਦਖਲਅੰਦਾਜੀ ਬੰਦ ਕਰਨ ਦੀ ਤਾੜਨਾ ਦਿੱਤੀ ਗਈ ਤੇ ਹੰਗਾਮੀ ਮੀਟਿੰਗ ਦੇ ਵਿਚ ਪੰਜ ਮੈਂਬਰੀ ਕਮੇਟੀ ਦਾ ਗੰਠਨ ਕਰਕੇ ਐਡਹਾਕ ਕਮੇਟੀ ਦੇ ਵਿਰੁੱਧ ਕਾਨੂੰਨੀ ਰਾਇ ਲੈਣ ਦਾ ਵੀ ਫੈਸਲਾ ਹੋਇਆ। 
 
ਇਸੇ ਤਹਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ ਦੀ ਅਗਵਾਈ ਦੇ ਵਿਚ ਅੱਜ ਇਕ ਵਫਦ ਕੁਰਕਸ਼ੇਤਰ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਖੇ ਪਹੁੰਚਿਆ ,ਜਿੱਥੇ ਪਹੁੰਚ ਕੇ ਇਸ ਵਫਦ ਵਲੋਂ ਬੀਤੇ ਦਿਨੀ ਗੁਰਦੁਆਰਾ ਸਾਹਿਬ ਦੇ ਅੰਦਰ ਜੋ ਹੰਗਾਮਾ ਹੋਇਆ ,ਜਿਸ ਵਿਚ ਐਸਜੀਪੀਸੀ ਦੇ ਅਧਿਕਾਰੀਆਂ ਦੀ ਗ੍ਰਿਫਤਾਰੀ, ਗੁਰਦੁਆਰਾ ਸਾਹਿਬਾਨ ਦੀਆਂ ਗੋਲਕਾਂ ਦੇ ਤਾੜੇ ਤੋੜ ਕੇ ਨਵੇਂ ਤਾਲੇ ਲਗਾਉਣ ਬਾਬਤ ਵਿਰੋਧ ਅਤੇ ਸਾਰੇ ਮਸਲੇ ਦੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਜਾਵੇਗੀ।