ਰਾਜੌਰੀ: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਖਾਂਡਲੀ ਇਲਾਕੇ ’ਚ ਸਥਿਤ ਭਾਰਤੀ ਜਨਤਾ ਪਾਰਟੀ (BJP) ਦੇ ਆਗੂ ਜਸਬੀਰ ਸਿੰਘ ਦੇ ਘਰ ਉੱਤੇ ਅੱਤਵਾਦੀਆਂ ਨੇ ਅਚਾਨਕ ਹੱਥਗੋਲ਼ਾ ਸੁੱਟ ਕੇ ਘਾਤਕ ਹਮਲਾ ਕਰ ਦਿੱਤਾ, ਜਿਸ ਕਾਰਨ ਚਾਰ ਸਾਲਾਂ ਦੇ ਇੱਕ ਬੱਚੇ ਦੀ ਮੌਤ ਹੋ ਗਈ ਤੇ ਸੱਤ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।



 

ਇਸ ਹਮਲੇ ’ਚ ਮਾਰਿਆ ਗਿਆ ਬੱਚਾ ਭਾਜਪਾ ਆਗੂ ਜਸਬੀਰ ਸਿੰਘ ਦਾ ਨਿੱਕਾ ਭਤੀਜਾ ਸੀ। ਜਿਸ ਵੇਲੇ ਹਮਲੇ ਹੋਇਆ, ਤਦ ਜਸਬੀਰ ਸਿੰਘ ਹੁਰਾਂ ਦਾ ਸਾਰਾ ਪਰਿਵਾਰ ਪਹਿਲੀ ਮੰਜ਼ਲ ਉੱਤੇ ਸੀ। ਹੱਥਗੋਲੇ ਨਾਲ ਕੀਤੇ ਗਏ ਇਸ ਹਿੰਸਕ ਹਮਲੇ ਦੀ ਜ਼ਿੰਮੇਵਾਰੀ ‘ਪੀਪੀ’ਜ਼ ਐਂਟੀ ਫ਼ਾਸ਼ਿਸਟ ਫ਼੍ਰੰਟ’ (PAFF) ਨੇ ਲਈ ਹੈ। ਉਂਝ ਸੁਰੱਖਿਆ ਏਜੰਸੀਆਂ ਇਸ ਦਾਅਵੇ ਦੀ ਜਾਂਚ ਕਰ ਰਹੀਆਂ ਹਨ।

 

ਭਾਜਪਾ ਆਗੂ ਜਸਬੀਰ ਸਿੰਘ ਉੱਤੇ ਇਸ ਹਮਲੇ ਤੋਂ ਬਾਅਦ ਸਮੁੱਚੇ ਰਾਜੌਰੀ ਇਲਾਕੇ ’ਚ ਹੀ ਸੁਰੱਖਿਆ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ। ਉੱਧਰ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਅੱਤਵਾਦੀਆਂ ਨੇ ਅਚਾਨਕ ਬੀਐਸਐਫ਼ ਦੀ ਇੱਕ ਟੁਕੜੀ ਉੱਤੇ ਗੋਲ਼ੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆ। ਉੱਥੇ ਮੁਕਾਬਲਾ ਸ਼ੁਰੂ ਹੋ ਗਿਆ ਤੇ ਦੋ ਸੁਰੱਖਿਆ ਜਵਾਨਾਂ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਇਹ ਵਾਰਦਾਤ ਵੀਰਵਾਰ ਸ਼ਾਮ ਵੇਲੇ ਦੀ ਹੈ।

 

ਪੁਲਿਸ ਅਧਿਕਾਰੀਆਂ ਅਨੁਸਾਰ ਕੁਲਗਾਮ ਦੇ ਕਾਜ਼ੀਗੁੰਡ ਇਲਾਕੇ ਦੇ ਮਾਲਪੁਰਾ ਵਿਖੇ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇਅ ਉੱਤੇ ਸੀਮਾ ਸੁਰੱਖਿਆ ਬਲ (BSF) ਦੀ ਗਸ਼ਤ ਕਰ ਰਹੀ ਟੁਕੜੀ ’ਤੇ ਅਚਾਨਕ ਗੋਲੀਆਂ ਵਰ੍ਹਨੀਆਂ ਸ਼ੁਰੂ ਹੋ ਗਈਆਂ ਸਨ। ਸੁਰੱਖਿਆ ਬਲਾਂ ਦਾ ਇਹ ਕਾਫ਼ਲਾ ਸ੍ਰੀਨਗਰ ਤੋਂ ਜੰਮੂ ਜਾ ਰਿਹਾ ਸੀ।

 

ਸੁਰੱਖਿਆ ਤੇ ਖ਼ੁਫ਼ੀਆ ਏਜੰਸੀਆਂ ਪਿਛਲੇ ਕਈ ਦਿਨਾਂ ਤੋਂ ਚੌਕਸ ਕਰਦੀਆਂ ਆ ਰਹੀਆਂ ਹਨ ਕਿ 5 ਅਗਸਤ ਨੂੰ ਕਿਉਂਕਿ ਜੰਮੂ-ਕਸ਼ਮੀਰ ’ਚੋਂ ਧਾਰਾ-370 ਖ਼ਤਮ ਕੀਤਿਆਂ ਪੂਰੇ ਦੋ ਵਰ੍ਹੇ ਬੀਤ ਚੁੱਕੇ ਹਨ; ਇਸ ਲਈ ਅਜਿਹੇ ਵੇਲੇ ਅੱਤਵਾਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਉਂਝ ਵੀ 15 ਅਗਸਤ ਨੂੰ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਮੌਕੇ ਹਰ ਸਾਲ ਹੀ ਕਸ਼ਮੀਰ ਵਾਦੀ ’ਚ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਜਾਂਦੀ ਹੈ; ਤਾਂ ਜੋ ਪਾਕਿਸਤਾਨ ’ਚ ਬੈਠੀਆਂ ਅੱਤਵਾਦੀ ਤਾਕਤਾਂ ਦੇ ਘਿਨਾਉਣੇ ਮਨਸੂਬੇ ਕਦੇ ਕਾਮਯਾਬ ਨਾ ਹੋ ਸਕਣ।