Jack Dorsey: ਕਾਂਗਰਸ ਨੇ ਟਵਿੱਟਰ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਜੈਕ ਡੋਰਸੀ ਦੇ ਦਾਅਵੇ ਬਾਰੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਡੋਰਸੀ ਦੇ ਦਾਅਵੇ ਨੇ ਮੁੜ ਸਾਬਤ ਕਰ ਦਿੱਤਾ ਹੈ ਕਿ ਮੌਜੂਦਾ ਸਰਕਾਰ ਦੇਸ਼ ਦੇ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ। ਪਾਰਟੀ ਦੀ ਤਰਜਮਾਨ ਸੁਪ੍ਰਿਆ ਸ੍ਰੀਨਾਤੇ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਟਵਿੱਟਰ ਅਕਾਊਂਟ ਨੂੰ ਸਰਕਾਰ ਦੇ ਨਿਰਦੇਸ਼ਾਂ 'ਤੇ ਛੇ ਮਹੀਨਿਆਂ ਲਈ ਬੈਨ ਕਰ ਦਿੱਤਾ ਗਿਆ ਸੀ।
ਕੀ ਹੈ ਪੂਰਾ ਮਾਮਲਾ
ਇੱਕ ਇੰਟਰਵਿਊ ਦੌਰਾਨ ਜੈਕ ਡੋਰਸੀ ਤੋਂ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਨੂੰ ਕਦੇ ਵਿਦੇਸ਼ੀ ਸਰਕਾਰਾਂ ਦੇ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਦੇ ਜਵਾਬ ਵਿੱਚ ਡੋਰਸੀ ਨੇ ਭਾਰਤ ਦਾ ਹਵਾਲਾ ਦੇ ਕੇ ਕਈ ਵੱਡੇ ਦਾਅਵੇ ਕੀਤੇ। ਜੈਕ ਡੋਰਸੀ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਕਿਸਾਨਾਂ ਦੇ ਪ੍ਰਦਰਸ਼ਨਾਂ ਦੌਰਾਨ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਦੇ ਟਵਿੱਟਰ ਹੈਂਡਲ ਨੂੰ ਬਲਾਕ ਕਰਨ ਲਈ ਕਈ ਸਿਫ਼ਾਰਸ਼ਾਂ ਕੀਤੀਆਂ ਗਈਆਂ ਸਨ। ਡੋਰਸੀ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਧਮਕੀ ਦਿੱਤੀ ਗਈ ਸੀ ਕਿ ਅਸੀਂ ਭਾਰਤ 'ਚ ਟਵਿਟਰ ਬੰਦ ਕਰ ਦਿਆਂਗੇ ਜਾਂ ਤੁਹਾਡੇ ਅਧਿਕਾਰੀਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਜਾਵੇਗੀ। ਜੈਕ ਡੋਰਸੀ ਨੇ ਆਪਣੇ ਜਵਾਬ ਵਿੱਚ ਭਾਰਤ ਤੋਂ ਇਲਾਵਾ ਤੁਰਕੀ ਦਾ ਨਾਂ ਲਿਆ। ਉਨ੍ਹਾਂ ਕਿਹਾ ਕਿ ਤੁਰਕੀ ਨੇ ਭਾਰਤ ਵਾਂਗ ਹੀ ਟਵਿਟਰ ਨੂੰ ਧਮਕੀ ਦਿੱਤੀ ਹੈ। ਇਸ ਦੇਸ਼ ਦੀ ਸਰਕਾਰ ਨੇ ਟਵਿਟਰ ਨੂੰ ਬੰਦ ਕਰਨ ਦੀ ਧਮਕੀ ਵੀ ਦਿੱਤੀ ਸੀ। ਜਿਸ ਕਾਰਨ ਅਕਸਰ ਸਰਕਾਰ ਨਾਲ ਅਦਾਲਤੀ ਲੜਾਈ ਹੁੰਦੀ ਰਹਿੰਦੀ ਸੀ ਅਤੇ ਇਸ ਵਿੱਚ ਟਵਿਟਰ ਦੀ ਜਿੱਤ ਹੁੰਦੀ ਸੀ।
ਕੇਂਦਰੀ ਮੰਤਰੀ ਨੇ ਡੋਰਸੀ ਦੇ ਦਾਅਵਾ ਨੂੰ ਝੂਠ ਦਿੱਤਾ ਕਰਾਰ
ਟਵਿੱਟਰ 'ਤੇ ਜੈਕ ਡੋਰਸੀ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ, "ਜੈਕ ਡੋਰਸੀ ਨੇ ਝੂਠ ਬੋਲਿਆ ਹੈ। ਸ਼ਾਇਦ ਟਵਿੱਟਰ ਦੇ ਇਤਿਹਾਸ ਦੇ ਉਸ ਬਹੁਤ ਹੀ ਸ਼ੱਕੀ ਹਿੱਸੇ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੋਰਸੀ ਅਤੇ ਉਨ੍ਹਾਂ ਦੀ ਟੀਮ ਨੇ ਵਾਰ-ਵਾਰ ਅਤੇ ਲਗਾਤਾਰ ਕਾਨੂੰਨ ਦੀ ਉਲੰਘਣਾ ਕੀਤੀ ਹੈ। ਦਰਅਸਲ, ਟਵਿੱਟਰ ਨੇ 2020 ਤੋਂ 2022 ਤੱਕ ਭਾਰਤੀ ਕਾਨੂੰਨ ਦੀ ਪਾਲਣਾ ਨਹੀਂ ਕੀਤੀ, ਜਿਸ ਤੋਂ ਬਾਅਦ ਆਖਰਕਾਰ ਜੂਨ 2022 ਵਿੱਚ ਅਜਿਹਾ ਕੀਤਾ। ਇਸ ਦੌਰਾਨ ਟਵਿੱਟਰ ਦਾ ਕੋਈ ਅਧਿਕਾਰੀ ਜੇਲ੍ਹ ਨਹੀਂ ਗਿਆ ਅਤੇ ਨਾ ਹੀ ਟਵਿੱਟਰ 'ਤੇ ਪਾਬੰਦੀ ਲਗਾਈ ਗਈ। ਡੋਰਸੀ ਦੇ ਦੌਰ ਵਿੱਚ ਟਵਿਟਰ ਨੂੰ ਪ੍ਰਭੂਸੱਤਾ ਨੂੰ ਸਵੀਕਾਰ ਕਰਨ ਵਿੱਚ ਮੁਸ਼ਕਲ ਆਈ ਸੀ।