ਚੰਡੀਗੜ੍ਹ: ਪੰਜਾਬ ਵਿੱਚ ਸੰਘਣੀ ਧੁੰਦ ਤੇ ਸ਼ੀਤ ਲਹਿਰ ਦੇ ਮੱਦੇਨਜ਼ਰ ਮੌਸਮ ਵਿਭਾਗ ਵੱਲੋਂ ਅਗਲੇ 48 ਘੰਟਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੇਸ਼ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਸਵੇਰੇ ਤੇ ਸ਼ਾਮ ਨੂੰ ਸੰਘਣੀ ਧੁੰਦ ਪੈ ਰਹੀ ਹੈ। ਦੇਸ਼ ਦੇ ਪੰਜ ਸ਼ਹਿਰਾਂ ਵਿੱਚ ਲੁਧਿਆਣਾ ਤੇ ਪਟਿਆਲਾ ਵੀ ਸ਼ਾਮਲ ਹਨ ਜਿੱਥੇ ਹਾਈਵੇਅ ਤੇ ਧੁੰਦ ਕਾਰਨ ਵਿਜ਼ਿਬਿਲਿਟੀ ਸਿਰਫ 50 ਤੋਂ 200 ਮੀਟਰ ਤੱਕ ਰਹਿ ਗਈ। ਐਤਵਾਰ ਸਵੇਰੇ ਵੀ ਸੰਘਣੀ ਧੁੰਦ ਪਈ।

ਸ਼ਨੀਵਾਰ ਨੂੰ ਖੰਨਾ 'ਚ ਸੰਘਣੀ ਧੁੰਦ ਤੇ ਕੋਹਰੇ ਕਾਰਨ ਫਲਾਈਓਵਰ ਤੇ 5 ਵਾਹਨਾਂ ਦੀ ਟੱਕਰ ਹੋ ਗਈ ਜਿਸ ਕਾਰਨ ਦੋ ਲੋਕਾਂ ਦੀ ਜਾਨ ਵੀ ਚਲੀ ਗਈ। ਜਦਕਿ 4 ਹੋਰ ਗੰਭੀਰ ਜ਼ਖਮੀ ਹੋ ਗਏ। ਸੂਬੇ ਅੰਦਰ ਕਈ ਦਿਨਾਂ ਤੋਂ ਕੜਾਕੇ ਦੀ ਠੰਢ ਜਾਰੀ ਹੈ। ਸ਼ਨੀਵਾਰ ਨੂੰ ਵੀ ਸ਼ੀਤ ਲਹਿਰ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ। ਘੱਟੋ-ਘੱਟ ਤਾਪਮਾਨ 12 ਡਿਗਰੀ ਜਦਕਿ ਵੱਧ ਤੋਂ ਵੱਧ ਤਾਪਮਾਨ 4 ਡਿਗਰੀ ਤੱਕ ਰਿਕਾਰਡ ਦਰਜ ਕੀਤਾ ਗਿਆ।

ਉਧਰ 4 ਡਿਗਰੀ ਨਾਲ ਬਠਿੰਡਾ ਸਭ ਤੋਂ ਠੰਢਾ ਰਿਹਾ। ਫਿਲਹਾਲ ਉਤਰੀ ਤੇ ਉਤਰ ਪੱਛਮੀ ਹਵਾਵਾਂ ਚੱਲਣ ਕਾਰਨ ਕਾਂਬਾ ਜਾਰੀ ਰਹੇਗਾ। ਇਸ ਨਾਲ ਰਾਤ ਦਾ ਪਾਰਾ ਵੀ ਹੇਠਾਂ ਡਿੱਗੇਗਾ।

ਮੌਸਮ ਵਿਭਾਗ ਅਨੁਸਾਰ ਫਿਲਹਾਲ ਮੀਂਹ ਦੇ ਕੋਈ ਅਸਾਰ ਨਹੀਂ ਹਨ। 18 ਜਨਵਰੀ ਨੂੰ ਵੀ ਸੰਘਣੀ ਧੁੰਦ ਪਵੇਗੀ। ਕਈ ਜ਼ਿਲ੍ਹਿਆਂ 'ਚ ਹਲਕੀ ਧੁੱਪ ਨਿਕਲ ਸਕਦੀ ਹੈ ਪਰ ਜ਼ਿਆਦਾਤਰ ਇਲਾਕਿਆਂ 'ਚ ਬਦਲਵਾਈ ਜਾਰੀ ਰਹੇਗੀ। 21 ਜਨਵਰੀ ਤਕ ਸ਼ੀਤਲਹਿਰ ਵੀ ਜਾਰੀ ਰਹੇਗੀ ਤੇ ਸਵੇਰੇ ਸ਼ਾਮ ਸੰਘਣੀ ਧੁੰਦ ਵੀ ਰਹੇਗੀ।