ਨਵੀਂ ਦਿੱਲੀ: ਉੱਤਰੀ ਭਾਰਤ 'ਚ ਪਹਾੜਾਂ 'ਤੇ ਹੋਈ ਬਰਫਬਾਰੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਮੈਦਾਨੀ ਇਲਾਕਿਆਂ 'ਚ ਸ਼ੀਤ ਲਹਿਰ ਦਾ ਕਹਿਰ ਪੂਰੀ ਤਰ੍ਹਾਂ ਵੇਖਿਆ ਜਾ ਰਿਹਾ ਹੈ। ਦਿੱਲੀ ਸਮੇਤ ਕਈ ਰਾਜਾਂ 'ਚ ਠੰਢ ਵਧਣ ਦੇ ਅਸਾਰ ਜਤਾਏ ਜਾ ਰਹੇ ਹਨ ਜਿਸ ਨੂੰ ਵੇਖਦੇ ਹੋਏ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ।


ਦਿੱਲੀ 'ਚ ਅੱਜ ਸਵੇਰੇ ਵੀ ਸੰਘਣੀ ਧੁੰਦ ਤੇ ਕੜਾਕੇ ਦਰ ਠੰਢ ਮਹਿਸੂਸ ਕੀਤੀ ਗਈ। ਇਸ ਦੌਰਾਨ ਸੜਕਾਂ ਤੇ ਖੁੱਲ੍ਹੇ ਆਸਮਾਨ ਹੇਠ ਬੈਠੇ ਕਿਸਾਨ ਅੱਗੇ ਬਾਲ ਕੇ ਖੁੱਦ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਮੌਸਮ ਵਿਭਾਗ ਨੇ ਅਗਲੇ 72 ਘੰਟਿਆਂ ਲਈ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ 23 ਦਸੰਬਰ ਤੋਂ 26 ਦਸਬੰਰ ਤੱਕ ਦਿੱਲੀ 'ਚ ਸ਼ੀਤ ਲਹਿਰ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਸੰਘਣੇ ਕੋਰੇ ਦੀ ਵੀ ਸੰਭਾਵਾਨਾ ਜਤਾਈ ਹੈ।

ਉੱਤਰੀ ਭਾਰਤ ਦੇ ਕਈ ਹਿੱਸੇ ਇਸ ਸ਼ੀਤਲਹਿਰ ਦੀ ਲਪੇਟ 'ਚ ਹਨ।ਕਈ ਥਾਵਾਂ ਤੇ ਘੱਟੋਂ ਘੱਟ ਤਾਪਮਾਨ 5 ਡਿਗਰੀ ਸੈਲਸ਼ੀਅਸ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਉਧਰ ਕਸ਼ਮੀਰ 'ਚ ਬਦਲਵਾਈ ਦੇਖੀ ਗਈ ਜਿਸ ਕਾਰਨ ਘੱਟੋ ਘੱਟ ਤਾਪਮਾਨ 'ਚ ਵਾਧਾ ਦਰਜ ਕੀਤਾ ਗਿਆ।