ਚੰਡੀਗੜ੍ਹ: ਦੇਸ਼ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ’ਤੇ 26 ਦਸੰਬਰ ਨੂੰ ਪਹਿਲੀ ਵਾਰ ਮਨਾਏ ਜਾ ਰਹੇ ’ਵੀਰ ਬਾਲ ਦਿਵਸ’ ਨੂੰ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਮਨਾਉਣ ਲਈ ਵਿਆਪਕ ਪ੍ਰੋਗਰਾਮ ਉਲੀਕੇ ਹਨ। ਇਹ ਪ੍ਰਗਟਾਵਾ ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਮੇਜਰ ਧਿਆਨ ਚੰਦ ਕੌਮੀ ਸਟੇਡੀਅਮ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ।
ਇਸ ਮੌਕੇ ਸਿਰਸਾ ਨੇ ਦੱਸਿਆ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੁੰ ਕੌਮੀ ਦਿਹਾੜਾ ਐਲਾਨ ਕੇ ਇੰਨੀ ਵੱਡੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇਸ਼ ਭਰ ਵਿਚ ਇਸ ਦਿਹਾੜੇ ਦਾ ਪ੍ਰਚਾਰ ਕਰਨ ਵਾਸਤੇ ਕੌਮੀ ਤੇ ਸੂਬਾਈ ਅਖਬਾਰਾਂ ਵਿਚ ਹਰ ਭਾਸ਼ਾ ਵਿਚ ਜਾਣਕਾਰੀ ਦਿੱਤੀ ਦੇਣ ਲਈ ਇਸ਼ਤਿਹਾਰ ਜਾਰੀ ਕਰੇਗੀ।
ਉਨ੍ਹਾਂ ਦੱਸਿਆ ਕਿ ਮੁੱਖ ਸਮਾਗਮ 26 ਦਸੰਬਰ ਨੂੰ ਕੌਮੀ ਰਾਜਧਾਨੀ ਵਿੱਚ ਮੇਜਰ ਧਿਆਨ ਚੰਦ ਸਟੇਡੀਅਮ ਵਿਚ ਹੋਵੇਗਾ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਹੋਰ ਕੇਂਦਰੀ ਮੰਤਰੀ ਤੇ ਹੋਰ ਉੱਘੀਆਂ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਇਨ੍ਹਾਂ ਪ੍ਰੋਗਰਾਮਾਂ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗਾਂ ਦੀ ਆਪ ਪ੍ਰਧਾਨਗੀ ਕਰਦੇ ਰਹੇ ਹਨ।
ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿਚ 15 ਲੱਖ ਸਕੂਲਾਂ ਵਿੱਚ ਸਵੇਰ ਦੀ ਸਭਾ ਵਿੱਚ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਬੱਚਿਆਂ ਦੇ ਲੇਖ ਮੁਕਾਬਲੇ ਤੇ ਕੁਇਜ਼ ਮੁਕਾਬਲੇ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਵਿਸ਼ੇਸ਼ ਸਭਾਵਾਂ ਸੱਦੀਆਂ ਗਈਆਂ ਹਨ ਜਿਹਨਾਂ ਵਿਚ 15 ਲੱਖ ਸਕੂਲਾਂ ਦੇ 97 ਲੱਖ ਟੀਚਰ ਅਤੇ 26 ਕਰੋੜ 44 ਲੱਖ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਇਸੇ ਤਰੀਕੇ ਦੇਸ਼ ਭਰ ਦੇ 42 ਹਜ਼ਾਰ 343 ਕਾਲਜਾਂ ਵਿਚ ਇਸਦੀ ਡਿਜ਼ੀਟਲ ਪ੍ਰਦਰਸ਼ਨੀ ਲਗਾਈ ਜਾਵੇਗੀ ਜਿਸ ਰਾਹੀਂ ਨੌਜਵਾਨ ਬੱਚਿਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਦੇਸ਼ ਭਰ ਵਿਚ 7083 ਰੇਲਵੇ ਸਟੇਸ਼ਨਾਂ ’ਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਡਿਜੀਟਲ ਅਤੇ ਫਿਜ਼ੀਕਲ ਪ੍ਰਦਰਸ਼ਨੀ ਲਗਾਈ ਜਾਵੇਗੀ। ਇਸ ਦੇ ਨਾਲ ਹੀ 137 ਹਵਾਈ ਅੱਡਿਆਂ ’ਤੇ ਡਿਜੀਟਲ ਤੇ ਫਿਜ਼ੀਕਲ ਪ੍ਰਦਰਸ਼ਨੀ ਲਗਾਈ ਜਾਵੇਗੀ।
ਵਿਦੇਸ਼ਾਂ ਲਈ ਬਣਾਈ ਯੋਜਨਾ ਦਾ ਖੁਲ੍ਹਾਸਾ ਕਰਦਿਆਂ ਇਹਨਾਂ ਆਗੂਆਂ ਨੇ ਦੱਸਿਆ ਕਿ ਵਿਦੇਸ਼ਾਂ ਵਿਚ 122 ਅੰਬੈਸੀਆਂ ਤੇ 110 ਕੌਂਸਲੇਟ ਦੇ ਅੰਦਰ ਪੰਜ ਦਿਨਾਂ ਵਾਸਤੇ ਇਕ ਪ੍ਰਦਰਸ਼ਨੀ ਲਗਾਈ ਜਾਵੇਗੀ। ਉਹਨਾਂ ਦੱਸਿਆ ਕਿ ਰੇਡੀਓ ਤੇ ਟੀ ਵੀ ਸ਼ੋਅ ਰਾਹੀਂ ਇਹਨਾਂ ਨੂੰ ਪ੍ਰੋਮੋਟ ਕੀਤਾ ਜਾਵੇਗਾ ਤੇ ਇਤਿਹਾਸ ਬਰੇ ਵਟਸਅਸ ਰਾਹੀਂ ਵੀ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਟੈਲੀਕਮਿਊਨਿਕੇਸ਼ਨਜ਼ ਮੰਤਰਾਲੇ ਵੱਲੋਂ ਇਸਦਾ ਵਿਆਪਕ ਪੱਧਰ ’ਤੇ ਐਸ ਐਮ ਐਸ ਰਾਹੀਂ ਪ੍ਰਚਾਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸੀ ਬੀ ਐਸ ਈ ਨੇ ਇਸ ਦਿਹਾੜੇ ਵਾਸਤੇ ਵਿਆਪਕ ਪ੍ਰੋਗਰਾਮ ਉਲੀਕ ਹਨ ਜਿਹਨਾਂ ਵਿਚ ਮੇਜਰ ਇਵੈਂਟ ਸਟੋਰੀ ਬੋਰਡ ਕ੍ਰੀਏਟ ਕੀਤੇ ਜਾਣਗੇ ਤੇ ਪ੍ਰਮੁੱਖ ਖੇਡਾਂ ਕਰਵਾਈਆਂ ਜਾਣਗੀਆਂ ਤੇ ਜਾਗਰੂਕਤਾ ਵਾਸਤੇ ਵਾਲ ਆਫ ਐਪਰੀਸੀਏਸ਼ਨ ਕਰੀਏਟ ਕਰ ਕੇ ਬੱਚਿਆਂ ਵੱਲੋਂ ਆਪਣੇ ਘਰਾਂ ਵਿਚ ਲਗਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਿਉਂਕਿ ਇਹ ਸਾਹਿਬਜ਼ਾਦਿਆਂ ਦਾ 319ਵਾਂ ਸ਼ਹੀਦੀ ਦਿਹਾੜਾ ਹੈ, ਇਸ ਲਈ 319 ਬੱਚਿਆਂ ਵੱਲੋਂ ਸ਼ਬਦ ਕੀਰਤਨ ਗਾਇਨ ਨਾਲ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਜਾਵੇਗਾ। । ਇਸ ਉਪਰੰਤ ਅਦਭੁੱਤ ਮਾਰਚ ਨਿਕਲੇਗਾ ਜਿਸਨੁੰ ਪ੍ਰਧਾਨ ਮੰਤਰੀ ਆਪ ਰਿਸੀਵ ਕਰਨਗੇ ਤੇ ਸਾਰੇ ਦੇਸ਼ ਵਿਚ ਸੰਦੇਸ਼ ਜਾਵੇਗਾ ਕਿ ਅਸੀਂ ਸਾਹਿਬਜ਼ਾਦਿਆਂ ਦਾ ਦਿਹਾੜਾ ਮਨਾਉਣ ਜਾ ਰਹੇ ਹਨ।