ਰੌਬਟ ਦੀ ਰਿਪੋਰਟ


ਚੰਡੀਗੜ੍ਹ: ਕੇਰਲ ਵਿੱਚ ਬਲਾਤਕਾਰ ਦੇ ਮੁਲਜ਼ਮ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਖਿਲਾਫ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੀ ਸਿਸਟਰ ਲੂਸੀ ਕਾਲਾਪੁਰਾ ਨੂੰ ਆਪਣਾ ਕੌਨਵੈਂਟ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਹ ਫੈਸਲਾ ਅਨੁਸ਼ਾਸਨੀ ਆਧਾਰਾਂ 'ਤੇ ਉਸ ਦੀ ਬਰਖਾਸਤਗੀ ਦੇ ਵਿਰੁੱਧ ਕੈਥੋਲਿਕ ਚਰਚ ਦੇ ਇੱਕ ਕਾਨੂੰਨੀ ਫੋਰਮ ਵਿੱਚ ਉਸ ਦੀ ਅਪੀਲ ਨੂੰ ਰੱਦ ਕਰਨ ਤੋਂ ਬਾਅਦ ਆਇਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ, ਕੇਰਲਾ ਵਿੱਚ ਫ੍ਰਾਂਸਿਸਕਨ ਕਲੇਰਿਸਟ ਕੌਂਗਰੀਗੇਸ਼ਨ (ਐਫਸੀਸੀ) ਦੀ ਸੁਪੀਰੀਅਰ ਜਨਰਲ ਨੇ ਪੱਤਰ ਵਿਚ ਕਿਹਾ, "ਕੈਥੋਲਿਕ ਕਾਨੂੰਨੀ ਪ੍ਰਣਾਲੀ ਦੇ ਅੰਦਰ ਤੁਹਾਡੇ ਬਰਖਾਸਤਗੀ ਨੂੰ ਚੁਣੌਤੀ ਦੇਣ ਲਈ ਕੋਈ ਹੋਰ ਕਾਨੂੰਨੀ ਉਪਾਅ ਉਪਲਬਧ ਨਹੀਂ ਹੈ। ਐਫਸੀਸੀ ਦੇ ਮੈਂਬਰ ਵਜੋਂ ਜਾਰੀ ਰੱਖਣ ਦਾ ਤੁਹਾਡਾ ਅਧਿਕਾਰ ਹੁਣ ਨਿਸ਼ਚਤ ਰੂਪ ਤੋਂ ਖ਼ਤਮ ਹੋ ਗਿਆ ਹੈ।"

ਇਸ ਪੱਤਰ ਵਿੱਚ ਕਿਹਾ ਗਿਆ ਕਿ,"ਹੁਣ ਤੁਹਾਡਾ ਕਿਸੇ ਵੀ FCC ਕੌਨਵੈਂਟ ਵਿੱਚ ਰਹਿਣਾ ਗੈਰ ਕਾਨੂੰਨੀ ਹੈ।" ਇਸ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ FCC ਸਿਸਟਰ ਨੂੰ ਕੱਢੇ ਜਾਣ ਦੇ ਫੈਸਲੇ ਖਿਲਾਫ ਉਸ ਦੀ ਇਕ ਹੋਰ ਅਪੀਲ ਵੈਟੀਕਨ ਨੇ ਰੱਦ ਕਰ ਦਿੱਤੀ ਸੀ।

ਚਰਚ ਦੇ ਅੰਦਰੂਨੀ ਸੂਤਰਾਂ ਅਨੁਸਾਰ, "ਕੈਥੋਲਿਕ ਚਰਚ ਦੇ ਸਰਵਉਚ ਨਿਆਇਕ ਅਥਾਰਟੀ, ਅਪੋਸਟੋਲਿਕਾ ਸਿਗਨਾਟੁਰਾ ਨੇ ਵੀ ਸਦੀਆਂ ਪੁਰਾਣੀ ਕੌਂਗਰੀਗੇਸ਼ਨ ਵਿੱਚੋਂ ਕੱਢੇ ਜਾਣ ਦੀ ਨਨ ਦੀ ਤੀਜੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ।"

ਦੱਸ ਦੇਈਏ ਕਿ ਜਨਵਰੀ 2019 ਵਿੱਚ, ਕਾਲਾਪੁਰਾ ਨੇ ਬਿਸ਼ਪ ਫਰੈਂਕੋ ਮੁਲੱਕਲ ਦੇ ਵਿਰੋਧ ਵਿੱਚ ਹਿੱਸਾ ਲਿਆ ਸੀ। ਮੁਲੱਕਲ 'ਤੇ ਸਾਲ 2014 ਤੋਂ 2016 ਦੇ ਵਿਚਕਾਰ ਇੱਕ ਸਾਥੀ ਨਨ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਹੈ।

ਅਕਤੂਬਰ 2019 ਵਿੱਚ, FCC ਨੇ ਉਸ ਨੂੰ ਇਸ ਆਧਾਰ 'ਤੇ ਬਰਖਾਸਤ ਕਰ ਦਿੱਤਾ, "ਉਹ ਆਪਣੀ ਜੀਵਨ ਸ਼ੈਲੀ ਵਿਚ ਇਕ ਨਨ ਵਜੋਂ ਉਸ ਦੇ ਫਰਜ਼ ਦੀ ਉਲੰਘਣਾ ਕਰ ਰਹੀ ਹੈ।" ਉਸ ਸਮੇਂ FCC ਦੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਉਸ ਨੂੰ ਕਈ ਕਾਰਨਾਂ ਕਰਕੇ ਬਰਖਾਸਤ ਕੀਤਾ ਗਿਆ ਸੀ, ਜਿਸ ਵਿਚ ਵਾਹਨ ਚਲਾਉਣਾ, ਕਵਿਤਾਵਾਂ ਲਿਖਣਾ ਤੇ ਪ੍ਰਕਾਸ਼ਤ ਕਰਨਾ ਤੇ ਰੋਮਨ ਕੈਥੋਲਿਕ ਬਿਸ਼ਪ ਮੁਲੱਕਲ ਵੱਲੋਂ ਲਗਾਤਾਰ ਬਲਾਤਕਾਰ ਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਉਣ ਵਾਲੀ ਇੱਕ ਨਨ ਦਾ ਸਾਥ ਦੇਣਾ ਸ਼ਾਮਲ ਸੀ।

ਭਾਰਤ ਦੀਆਂ ਕੈਥੋਲਿਕ ਚਰਚ ਤੇ ਵੈਟੀਕਨ ਵਿੱਚ ਬਰਖਾਸਤਗੀ ਨੂੰ ਚੁਣੌਤੀ ਦੇਣ ਵਾਲੀਆਂ ਉਸ ਦੀਆਂ ਕਈ ਅਪੀਲਾਂ ਖਾਰਜ ਕਰ ਦਿੱਤੀਆਂ ਗਈਆਂ ਸੀ। ਉਸ ਦੀ ਅਪੀਲ ਖਾਰਜ ਹੋਣ ਤੋਂ ਬਾਅਦ, ਕਾਲਾਪੁਰਾ ਨੇ ਕਿਹਾ ਕਿ ਉਹ ਕੌਨਵੈਂਟ ਨਹੀਂ ਛੱਡੇਗੀ ਤੇ ਇਸ ਬਾਰੇ ਅਦਾਲਤ ਵੱਲੋਂ ਫੈਸਲਾ ਲਿਆ ਜਾਵੇਗਾ।

ਕੌਨਵੈਂਟ ਛੱਡਣ ਦੇ ਤਾਜ਼ਾ ਨਿਰਦੇਸ਼ ਬਾਰੇ ਉਨ੍ਹਾਂ ਕਿਹਾ ਕਿ ਉਸ ਨੂੰ ਕੌਨਵੈਂਟ ਖਾਲੀ ਕਰਨ ਨੂੰ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਉਸਨੇ ਸੱਚ ਬੋਲਿਆ ਹੈ। ਕੋਟਯਾਮ ਅਦਾਲਤ ਵਿੱਚ ਬਿਸ਼ਪ ਮੁਲੱਕਲ ਖ਼ਿਲਾਫ਼ ਜਬਰ ਜਨਾਹ ਦਾ ਕੇਸ ਚੱਲ ਰਿਹਾ ਹੈ। ਉਸ ਨੂੰ ਜਬਰ ਜਨਾਹ, ਗਲਤ ਤਰੀਕੇ ਨਾਲ ਕੈਦ ਕਰਨਾ, ਅਨਨੈਚੂਰਲ ਸੈਕਸ ਤੇ ਅਪਰਾਧਕ ਧਮਕੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਉਹ ਜ਼ਮਾਨਤ 'ਤੇ ਬਾਹਰ ਹੈ।