ਨਵੀਂ ਦਿੱਲੀ: ਦੇਸ਼ ਵਿੱਚ ਅੱਜ ਤੋਂ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਹ ਸਾਰੇ ਬਦਲਾਅ ਸਿੱਧੇ ਤੌਰ 'ਤੇ ਆਮ ਆਦਮੀ ਨਾਲ ਸਬੰਧਤ ਹਨ। ਇਹ ਬਦਲਾਅ ਟ੍ਰੈਫਿਕ ਨਿਯਮਾਂ ਤੋਂ ਲੈ ਕੇ ਬੈਂਕ ਤੇ ਬੀਮਾ ਵਿੱਚ ਹੋਣ ਜਾ ਰਹੇ ਹਨ। ਇੱਕ ਪਾਸੇ ਆਈਆਰਸੀਟੀਸੀ ਤੋਂ ਰੇਲ ਟਿਕਟਾਂ ਲੈਣਾ ਮਹਿੰਗਾ ਹੋ ਰਿਹਾ ਹੈ ਤਾਂ ਦੂਜੇ ਪਾਸੇ ਬੈਂਕ ਤੋਂ ਨਕਦ ਕਢਵਾਉਣਾ ਵੀ ਜੇਬ੍ਹ 'ਤੇ ਭਾਰੀ ਪੈਣ ਵਾਲਾ ਹੈ।


ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੀ ਲੋਕਾਂ ਨੂੰ ਕਾਫੀ ਭਾਰੀ ਪਵੇਗੀ। ਦੱਸ ਦੇਈਏ ਅੱਜ ਤੋਂ ਨਵਾਂ ਮੋਟਰ ਵਹੀਕਲ ਕਾਨੂੰਨ ਲਾਗੂ ਹੋ ਗਿਆ ਹੈ, ਜਿਸ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਲਈ ਭਾਰੀ ਜ਼ੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਨਵੇਂ ਮੋਟਰ ਵਹੀਕਲ ਕਾਨੂੰਨ ਤਹਿਤ ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ 10,000 ਰੁਪਏ ਜ਼ੁਰਮਾਨਾ ਅਦਾ ਕਰਨਾ ਪਏਗਾ। ਜੇ ਬਿਨਾਂ ਹੈਲਮਿਟ ਦੇ ਫੜੇ ਗਏ ਤਾਂ 500 ਤੋਂ 1500 ਰੁਪਏ ਤੇ ਬਾਈਕ 'ਤੇ ਸਵਾਰ ਤਿੰਨ ਵਿਅਕਤੀਆਂ ਨੂੰ 500 ਰੁਪਏ ਅਦਾ ਕਰਨੇ ਪੈਣਗੇ। ਇਸ ਦੇ ਨਾਲ ਹੀ ਬਿਨਾ ਲਾਇਸੈਂਸ ਗੱਡੀ ਚਲਾਉਣ ਲਈ ਹੁਣ 5000 ਰੁਪਏ ਦਾ ਚਲਾਨ ਤੇ ਪ੍ਰਦੂਸ਼ਣ ਪ੍ਰਮਾਣ ਪੱਤਰ ਨਾ ਹੋਣ ਦੀ ਸਥਿਤੀ ਵਿੱਚ 500 ਰੁਪਏ ਭਰਨੇ ਪੈਣਗੇ।




  • ਆਈਆਰਸੀਟੀਸੀ ਅੱਜ ਤੋਂ ਈ-ਟਿਕਟਾਂ 'ਤੇ ਸਰਵਿਸ ਚਾਰਜ ਵੀ ਲਾਗੂ ਕਰੇਗਾ, ਜਿਸ ਨਾਲ ਹੁਣ ਈ-ਟਿਕਟ ਖਰੀਦਣਾ ਮਹਿੰਗਾ ਹੋ ਜਾਵੇਗਾ। ਆਈਆਰਸੀਟੀਸੀ ਹੁਣ ਨਾਨ-ਏਅਰਕੰਡੀਸ਼ਨਡ ਸ਼੍ਰੇਣੀ ਦੀਆਂ ਈ-ਟਿਕਟਾਂ 'ਤੇ 15 ਰੁਪਏ ਤੇ ਏਅਰ-ਕੰਡੀਸ਼ਨਡ ਸਾਰੀਆਂ ਈ-ਟਿਕਟਾਂ 'ਤੇ 30 ਰੁਪਏ ਦਾ ਸਰਵਿਸ ਚਾਰਜ ਲਵੇਗਾ।

  • ਹੁਣ ਸ਼ਾਪਿੰਗ 'ਤੇ ਵੀ ਬੈਂਕਾਂ ਦੀ ਬਾਜ਼ ਨਜ਼ਰ ਰਹੇਗੀ। ਹੁਣ ਤਕ ਬੈਂਕ ਸਿਰਫ 50 ਹਜ਼ਾਰ ਤੋਂ ਉੱਪਰ ਦੇ ਲੈਣ-ਦੇਣ ਦੀ ਰਿਪੋਰਟ ਤਿਆਰ ਕਰਦਾ ਸੀ, ਪਰ ਹੁਣ ਇਹ ਨਿਯਮ ਬਦਲ ਜਾਣਗੇ। ਅੱਜ ਤੋਂ ਬੈਂਕ ਛੋਟੇ ਟ੍ਰਾਂਜੈਕਸ਼ਨਾਂ ਦੀ ਵੀ ਰਿਪੋਰਟ ਕਰ ਸਕਦੇ ਹਨ ਜਿਸ ਨਾਲ ਟੈਕਸ ਵਿਭਾਗ ਇਨਕਮ ਟੈਕਸ ਰਿਟਰਨ ਦੀ ਜਾਂਚ ਕਰ ਸਕੇ।

  • ਇਸਦੇ ਨਾਲ ਅੱਜ ਤੋਂ ਵਾਹਨਾਂ ਦੇ ਭੂਚਾਲ ਤੇ ਹੜ੍ਹ ਕਾਰਨ ਹੋਏ ਨੁਕਸਾਨ ਦਾ ਬੀਮਾ ਵੀ ਵੱਖਰਾ ਹੋਵੇਗਾ। ਆਮ ਬੀਮਾ ਕੰਪਨੀਆਂ ਹੁਣ ਵਾਹਨਾਂ ਨੂੰ ਭੂਚਾਲ ਤੇ ਹੜ੍ਹ ਵਰਗੀਆਂ ਕੁਦਰਤੀ ਆਫ਼ਤਾਂ, ਤੋੜਭੰਨ੍ਹ ਤੇ ਦੰਗਿਆਂ ਵਰਗੀਆਂ ਘਟਨਾਵਾਂ ਕਾਰਨ ਹੋਏ ਨੁਕਸਾਨ ਲਈ ਵੱਖਰਾ ਬੀਮਾ ਦੇਣਗੀਆਂ।

  • ਜਿਨ੍ਹਾਂ ਨੇ ਆਪਣੇ ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਨਹੀਂ ਕੀਤਾ, ਉਨ੍ਹਾਂ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਨਵਾਂ ਪੈਨ ਨੰਬਰ ਜਾਰੀ ਕੀਤਾ ਜਾਏਗਾ।

  • 50 ਲੱਖ ਤੋਂ ਉੱਪਰ ਦਾ ਭੁਗਤਾਨ ਕਰਨ ਲਈ ਹੁਣ ਪੰਜ ਫੀਸਦੀ ਟੀਡੀਐਸ ਦੇਣਾ ਪਏਗਾ।

  • ਭਾਰੀ ਮਾਤਰਾ 'ਚ ਨਦਕ ਨਿਕਾਸੀ ਮਹਿੰਗੀ ਪਏਗੀ। ਅੱਜ ਤੋਂ ਇੱਕ ਕਰੋੜ ਦੀ ਨਕਦ ਨਿਕਾਸੀ 'ਤੇ 2 ਫੀਸਦੀ TDS ਦੇਣਾ ਪਏਗਾ।