ਚੰਡੀਗੜ੍ਹ: ਇਨ੍ਹੀਂ ਦਿਨੀਂ, 'ਕੌਣ ਬਣੇਗਾ ਕਰੋੜਪਤੀ' (ਕੇਬੀਸੀ) ਦਾ ਮਸ਼ਹੂਰ ਕੁਇਜ਼ ਸ਼ੋਅ ਟੀਵੀ 'ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਹ ਸੁਪਰਸਟਾਰ ਅਮਿਤਾਭ ਬੱਚਨ ਵੱਲੋਂ ਹੋਸਟ ਕੀਤਾ ਜਾਂਦਾ ਹੈ। ਟੈਲੀਵਿਜ਼ਨ 'ਤੇ ਇਸ ਸ਼ੋਅ ਦੀ ਵਾਪਸੀ ਨਾਲ, ਸਕੈਮਰ ਵੀ ਲੋਕਾਂ ਨੂੰ ਆਪਣੀ ਕਿਸਮਤ ਅਜ਼ਮਾਉਣ ਦੇ ਝਾਂਸੇ ਦੇ ਰਹੇ ਹਨ। ਕੇਬੀਸੀ ਸ਼ੋਅ ਦਾ ਟੈਲੀਵਿਜ਼ਨ ਤੋਂ ਇਲਾਵਾ ਇੱਕ ਆਨਲਾਈਨ ਸੈਗਮੈਂਟ ਵੀ ਹੈ।

ਨਕਦ ਇਨਾਮ ਜਿੱਤਣ ਲਈ ਦਰਸ਼ਕ ਸੋਨੀ-ਲਿਵ ਮੋਬਾਈਲ ਐਪ ’ਤੇ ਕੇਬੀਸੀ ਪਲੇਅ-ਅਲੌਂਗ ਫੀਚਰ ਰਾਹੀਂ ਸ਼ੋਅ ਵਿੱਚ ਹਿੱਸਾ ਲੈ ਸਕਦੇ ਹਨ। ਸਕੈਮਰ ਇਹੀ ਵਿਸ਼ਵਾਸ ਦਵਾ ਕੇ ਲੋਕਾਂ ਨੂੰ ਧੋਖਾ ਦਿੰਦੇ ਹਨ ਕਿ ਉਨ੍ਹਾਂ ਕੇਬੀਸੀ ਆਨਲਾਈਨ ਵਿੱਚ ਵੱਡਾ ਇਨਾਮ ਜਿੱਤ ਲਿਆ ਹੈ। ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਸਕੈਮਰ ਲੋਕਾਂ ਨੂੰ ਕਿਸ ਤਰ੍ਹਾਂ ਆਪਣੇ ਝਾਂਸੇ ਵਿੱਚ ਲੈ ਰਹੇ ਹਨ।

ਸਕੈਮਰ ਆਪਣੇ ਡੇਟਾਬੇਸ ਵਿੱਚੋਂ ਕਿਸੇ ਨੂੰ ਵੀ ਰੈਂਡਮ ਕਾਲ ਕਰਦੇ ਹਨ ਤੇ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਹਨ। ਜੇ ਵਾਇਸ ਕਾਲਾਂ ਨਾਲ ਲੋਕ ਝਾਂਸੇ ਵਿੱਚ ਨਹੀਂ ਆਉਂਦੇ ਤਾਂ ਸਕੈਮਰ ਵ੍ਹੱਟਸਐਪ ਦੀ ਮਦਦ ਨਾਲ ਲੋਕਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ।

ਇਨ੍ਹਾਂ ਅੰਕਾਂ ਨਾਲ ਸ਼ੁਰੂ ਹੁੰਦੇ ਫੇਕ ਕਾਲਾਂ ਵਾਲੇ ਨੰਬਰ 

ਦਿੱਲੀ ਪੁਲਿਸ ਨੇ ਦੱਸਿਆ ਕਿ ਇਹ ਕੋਈ ਨਵਾਂ ਮਾਮਲਾ ਨਹੀਂ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਪਹਿਲਾਂ ਤੋਂ ਦਰਜ ਹੋਈਆਂ ਸ਼ਿਕਾਇਤਾਂ ਦੇ ਆਧਾਰ ’ਤੇ ਜਾਅਲੀ ਕਾਲਾਂ ਜ਼ਿਆਦਾਤਰ 0092 ਤੋਂ ਸ਼ੁਰੂ ਹੋਣ ਵਾਲੇ ਨੰਬਰ ਤੋਂ ਆਉਂਦੀਆਂ ਹਨ। ਕਦੇ-ਕਦੇ ਸਕੈਮਰ ਆਪਣੇ ਆਪ ਨੂੰ ਵੀ ਕੇਬੀਸੀ ਟੀਮ ਦੇ ਤੌਰ 'ਤੇ ਕਹਿ ਕੇ ਫੋਨ ਕਰਦੇ ਹਨ ਤੇ ਪੀੜਤਾਂ ਤੋਂ ਸਧਾਰਨ ਪ੍ਰਸ਼ਨ ਪੁੱਛਦੇ ਹਨ। ਉਹ ਇਹ ਵੀ ਕਹਿੰਦੇ ਹਨ ਕਿ ਪੀੜਤਾਂ ਦਾ ਮੋਬਾਈਲ ਨੰਬਰ ਲੱਕੀ ਡ੍ਰਾਅ ਵਿੱਚ ਚੁਣਿਆ ਗਿਆ ਹੈ।

ਅਸਲੀ ਘਪਲਾ ਇਹ ਦੱਸਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਕਿ ਪੀੜਤ ਨੇ ਕੇਬੀਸੀ ਮੁਕਾਬਲਾ ਜਿੱਤ ਲਿਆ ਹੈ। ਇਸ ਤੋਂ ਬਾਅਦ, ਪੀੜਤ ਨੂੰ 25 ਤੋਂ 30 ਲੱਖ ਰੁਪਏ ਦੀ ਇਨਾਮੀ ਰਾਸ਼ੀ ਪ੍ਰਾਪਤ ਕਰਨ ਲਈ 8 ਹਜ਼ਾਰ ਤੋਂ 10 ਹਜ਼ਾਰ ਰੁਪਏ ਦੇ ਵਿਚਕਾਰ ਰਕਮ ਜਮ੍ਹਾਂ ਕਰਨ ਲਈ ਕਿਹਾ ਜਾਂਦਾ ਹੈ। ਇਹ ਰਕਮ ਆਮ ਤੌਰ ਤੇ ਬੈਂਕ ਡ੍ਰਾਫਟ ਦੇ ਰੂਪ ਵਿੱਚ ਜਮ੍ਹਾਂ ਕਰਨ ਲਈ ਕਿਹਾ ਜਾਂਦਾ ਹੈ।

ਕੁਝ ਮਾਮਲਿਆਂ ਵਿੱਚ ਸਕੈਮਰ ਪੈਸੇ ਜਮ੍ਹਾ ਕਰਨ ਦੀ ਬਜਾਏ ਪੀੜਤ ਦੇ ਖਾਤੇ ਵਿੱਚੋਂ ਸਿੱਧੇ ਪੈਸੇ ਟ੍ਰਾਂਸਫਰ ਕਰਨ ਜਾਂ ਖ਼ਾਤੇ ਦੀ ਡਿਟੇਲ ਬਾਰੇ ਪੁੱਛਦੇ ਹਨ। ਸਮੱਸਿਆ ਇਹ ਹੈ ਕਿ ਪੀੜਤ ਗੁਪਤ ਆਨਲਾਈਨ ਬੈਂਕਿੰਗ ਵੇਰਵੇ ਦੇ ਦਿੰਦੇ ਹਨ, ਜੋ ਬਾਅਦ ਵਿੱਚ ਚੋਰੀ ਲਈ ਵਰਤੇ ਜਾਂਦੇ ਹਨ।

ਇਸ ਤੋਂ ਬਚਣ ਲਈ ਉਪਾਅ 

ਜੇ ਤੁਸੀਂ ਅਜਿਹੇ ਘੁਟਾਲੇ ਤੋਂ ਬਚਣਾ ਚਾਹੁੰਦੇ ਹੋ ਤਾਂ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਫੋਨ ’ਤੇ ਕਿਸੇ ਨੂੰ ਵੀ ਆਪਣੇ ਖਾਤੇ ਨਾਲ ਸਬੰਧਤ ਕੋਈ ਗੁਪਤ ਜਾਣਕਾਰੀ ਨਾ ਦਿਓ। ਭਾਵੇਂ ਉਹ ਬੇਂਕ ਕਰਮੀ ਹੀ ਕਿਉਂ ਨਾ ਹੋਣ। ਇਸਦੇ ਨਾਲ ਹੀ ਜਾਅਲੀ ਫੋਨ ਕਾਲਾਂ ਤੋਂ ਵੀ ਸਾਵਧਾਨ ਰਹੋ।