ਮੁੰਬਈ: ਮਹਾਰਾਸ਼ਟਰ ਦੇ ਗੜ੍ਹਚਿਰੌਲੀ ਤੋਂ ਨਕਸਲ ਵਿਰੋਧੀ ਮੁਹਿੰਮ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਪੁਲਿਸ ਦੀ ਸੀ-60 ਯੂਨਿਟ ਤੇ ਨਕਸਲਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ 13 ਮਾਓਵਾਦੀ ਮਾਰੇ ਗਏ ਹਨ।



ਉਨ੍ਹਾਂ ਦੀਆਂ ਲਾਸ਼ਾਂ ਗੜ੍ਹਚਿਰੌਲੀ ਦੇ ਜੰਗਲੀ ਖੇਤਰ ਦੇ ਏਟਾਪੱਲੀ ਤੋਂ ਬਰਾਮਦ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ 13 ਮਈ ਨੂੰ ਨਕਸਲ ਵਿਰੋਧੀ ਮੁਹਿੰਮ ਵਿੱਚ ਦੋ ਨਕਸਲੀ ਮਾਰੇ ਗਏ ਸਨ। ਇਹ ਮੁਕਾਬਲਾ ਧਨੌਰਾ ਤਾਲੁਕ ਦੇ ਪਿੰਡ ਮੋਰਚੂਲ ਨੇੜੇ ਜੰਗਲ ਵਾਲੇ ਖੇਤਰ ਵਿੱਚ ਹੋਇਆ ਸੀ।

ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ 13 ਮਈ ਨੂੰ ਮੋਰਚੂਲ ਦੇ ਜੰਗਲਾਂ ਵਿਚ 25 ਨਕਸਲੀ ਮਿਲੇ ਸਨ। ਪੁਲਿਸ ਨੂੰ ਵੇਖਦਿਆਂ ਹੀ ਨਕਸਲੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਦੋ ਨਕਸਲੀਆਂ ਦੀ ਮੌਤ ਹੋ ਗਈ ਜਦੋਂ ਕਿ ਦੂਸਰੇ ਨਕਸਲਵਾਦੀ ਉਥੋਂ ਭੱਜ ਨਿਕਲੇ।

ਮਾਰੇ ਗਏ ਨਕਸਲੀਆਂ ਵਿਚ ਇਕ ਔਰਤ ਨਕਸਲੀ ਦੀ ਲਾਸ਼ ਵੀ ਬਰਾਮਦ ਕੀਤੀ ਗਈ। ਮੁਠਭੇੜ ਤੋਂ ਬਾਅਦ ਨਕਸਲਵਾਦੀ ਸੰਘਣੇ ਜੰਗਲ ਵੱਲ ਭੱਜ ਗਏ ਸਨ ਅਤੇ ਬਾਅਦ ਵਿਚ ਇਲਾਕੇ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਦੋ ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ। ਤਲਾਸ਼ੀ ਦੌਰਾਨ ਇਸ ਖੇਤਰ ਤੋਂ ਨਕਸਲ ਨਾਲ ਸਬੰਧਤ ਸਮੱਗਰੀ ਵੀ ਮਿਲੀ।

ਦੱਸ ਦੇਈਏ ਕਿ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿੱਚ ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ ਇੱਥੋਂ ਦੇ ਲੋਕ ਵੀ ਨਕਸਲੀਆਂ ਦੇ ਨਿਸ਼ਾਨੇ ‘ਤੇ ਬਣੇ ਹੋਏ ਹਨ। ਰਾਜ ਪੁਲਿਸ ਨੇ ਇਨ੍ਹਾਂ ਨਕਸਲ ਪ੍ਰਭਾਵਤ ਇਲਾਕਿਆਂ ਵਿੱਚ ਨਕਸਲੀਆਂ ਖਿਲਾਫ ਮੁਹਿੰਮ ਚਲਾਈ ਹੈ। ਇਨ੍ਹਾਂ ਨਕਸਲ ਪ੍ਰਭਾਵਿਤ ਇਲਾਕਿਆਂ ਤੋਂ ਪਿੰਡ ਵਾਸੀਆਂ ਅਤੇ ਨਕਸਲੀਆਂ ਦਰਮਿਆਨ ਟਕਰਾਅ ਦੀਆਂ ਖ਼ਬਰਾਂ ਹਨ।

ਹਾਲਾਂਕਿ, ਪਹਿਲਾਂ ਦੇ ਮੁਕਾਬਲੇ ਦੇਸ਼ ਵਿੱਚ ਨਕਸਲਵਾਦੀ ਗਤੀਵਿਧੀਆਂ ਵਿੱਚ ਕਮੀ ਆਈ ਹੈ। ਜ਼ਿਕਰਯੋਗ ਹੈ ਕੀ ਦੇਸ਼ ਦੇ 126 ਜ਼ਿਲ੍ਹਿਆਂ ਵਿਚੋਂ, ਸਰਕਾਰ ਨੇ 44 ਜ਼ਿਲ੍ਹਿਆਂ ਨੂੰ ਨਕਸਲ ਮੁਕਤ ਜ਼ੋਨ ਐਲਾਨ ਕੀਤਾ ਹੈ। ਇਸ ਦੌਰਾਨ ਅੱਠ ਨਵੇਂ ਜ਼ਿਲ੍ਹੇ ਵੀ ਨਕਸਲ ਪ੍ਰਭਾਵਤ ਇਲਾਕਿਆਂ ਵਿੱਚ ਸ਼ਾਮਲ ਕੀਤੇ ਗਏ ਹਨ।