ਵਿਦਿਸ਼ਾ: ਮੱਧ ਪ੍ਰਦੇਸ਼ ਦੇ ਵਿਦਿਸ਼ਾ ਦੇ ਕਸਬੇ ਗੰਜਬਾਸੌਦਾ ਲਾਗਲੇ ਪਿੰਡ ਲਾਲ ਪਠਾਰ ’ਚ ਇੱਕ ਬੱਚਾ ਖੂਹ ’ਚ ਡਿੱਗ ਪਿਆ ਤੇ ਉਸ ਨੂੰ ਬਚਾਉਣ ਦੇ ਚੱਕਰ ਵਿੱਚ 30 ਵਿਅਕਤੀ ਉਸੇ ਖੂਹ ਵਿੱਚ ਡਿੱਗ ਪਏ। ਹੁਣ ਤੱਕ ਚਾਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਬਾਕੀਆਂ ਨੂੰ ਬਚਾਉਣ ਦਾ ਕੰਮ ਹਾਲੇ ਵੀ ਚੱਲ ਰਿਹਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਵਿਦਿਸ਼ਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ 120 ਕਿਲੋਮੀਟਰ ਦੂਰ ਹੈ। ਚਸ਼ਮਦੀਦ ਗਵਾਹਾਂ ਮੁਤਾਬਕ ਵੀਰਵਾਰ ਸ਼ਾਮੀਂ 6:40 ਵਜੇ ਬੱਚੇ ਨੂੰ ਬਚਾਉਣ ਲਈ ਖੂਹ ਦੇ ਦੁਆਲੇ ਵੱਡੀ ਭੀੜ ਇਕੱਠੀ ਹੋ ਗਈ; ਜਿਸ ਕਾਰਨ ਖੂਹ ਦੀ ਮੌਣ ਦਾ ਇੱਕ ਪਾਸਾ ਹੇਠਾਂ ਧਸ ਗਿਆ ਤੇ 30 ਜਣੇ ਖੂਹ ਵਿੱਚ ਜਾ ਡਿੱਗੇ।





 

NDRF, SDRF ਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਦੇ ਜਾਰੀ ਰੈਸਕਿਊ ਆਪਰੇਸ਼ਨ ਤੋਂ ਬਾਅਦ ਹੁਣ ਤੱਕ ਲਗਪਗ 19 ਵਿਅਕਤੀਆਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। ਹਾਲੇ ਵੀ ਕਈ ਜਣੇ ਲਾਪਤਾ ਹਨ। ਚਾਰ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

 
ਹਾਦਸੇ ਦੇ ਤੁਰੰਤ ਬਾਅਦ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਘਟਨਾ ਸਥਾਨ ਉੱਤੇ ਐੱਨਡੀਆਰਐੱਫ਼, ਐੱਸਡੀਆਰਐੱਫ਼ ਦੀਆਂ ਟੀਮਾਂ ਨੂੰ ਭੋਪਾਲ ਤੋਂ ਬਚਾਅ ਤੇ ਰਾਹਤ ਕਾਰਜਾਂ ਲਈ ਰਵਾਨਾ ਕੀਤਾ। ਮੁੱਖ ਮੰਤਰੀ ਨੇ ਸਾਰੇ ਵੱਡੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਆਖਿਆ ਹੈ।

ਵਿਦਿਸ਼ਾ ਜ਼ਿਲ੍ਹੇ ਦੇ ਇੰਚਾਰਜ ਮੰਤਰੀ ਵਿਸ਼ਵਾਸ ਸਾਰੰਗ ਵੀ ਮੁੱਖ ਮੰਤਰੀਆਂ ਦੀਆਂ ਹਦਾਇਤਾਂ ਅਨੁਸਾਰ ਭੋਪਾਲ ਤੋਂ ਰਵਾਨਾ ਹੋ ਕੇ ਮੌਕੇ ’ਤੇ ਪੁੱਜੇ ਤੇ ਲਗਾਤਾਰ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰਦੇ ਰਹੇ।

 

ਇਸ ਹਾਦਸੇ ਤੋਂ ਬਾਅਦ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ ਹੈ ਤੇ ਜ਼ਖ਼ਮੀਆਂ ਨੂੰ 50 ਹਜਾਰ ਰੁਪਏ ਤੇ ਮੁਫ਼ਤ ਇਲਾਜ ਦਾ ਐਲਾਨ ਕੀਤਾ ਗਿਆ ਹੈ।