ਅਹਿਮਦਾਬਾਦ: ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਲੋਕ ਸਭਾ ਚੋਣਾਂ ਭਗਵਾਨ ਕ੍ਰਿਸ਼ਨ ਤੇ ਕੰਸ, ਰਾਮ ਤੇ ਰਾਵਣ, ਗੋਡਸੇ ਤੇ ਗਾਂਧੀ ਦਰਮਿਆਨ ਹਨ। ਅਹਿਮਦਾਬਾਦ ਜ਼ਿਲ੍ਹੇ ਦੇ ਢੋਲਕਾ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਨੇ ਰਾਫੇਲ ਸੌਦੇ, ਬੇਰੁਜ਼ਗਾਰੀ ਤੇ ਕਿਸਾਨਾਂ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਜੰਮਕੇ ਆਲੋਚਨਾ ਕੀਤੀ।


ਇੰਨਾ ਹੀ ਨਹੀਂ ਉਨ੍ਹਾਂ ਨੇ ਮੋਦੀ ਨੂੰ ਆਪਣੇ ਨਾਲ ਬਹਿਸ ਕਰਨ ਦੀ ਚੁਣੌਤੀ ਵੀ ਦੇ ਦਿੱਤੀ। ਕਾਂਗਰਸ ਦੇ ਸਟਾਰ ਪ੍ਰਚਾਰਕਾਂ ‘ਚ ਸ਼ਾਮਲ ਨਵਜੋਤ ਸਿੱਧੂ ਨੇ ਕਿਹਾ ਕਿ ਚੀਨ ਸਮੁੰਦਰ ‘ਚ ਰੇਲਵੇ ਲਾਈਨ ਵਿਛਾ ਰਿਹਾ ਹੈ, ਅਮਰੀਕਾ ਮੰਗਲ ‘ਤੇ ਜ਼ਿੰਦਗੀ ਲੱਭ ਰਿਹਾ ਹੈ, ਭਾਰਤ ਕੀ ਕਰ ਰਿਹਾ ਹੈ? ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਅਸੀਂ ਚੌਕੀਦਾਰ ਬਣਾ ਰਹੇ ਹਾਂ ਜੋ ਅਸਲ ‘ਚ ਚੋਰ ਹੈ।

ਸਿੱਧੂ ਨੇ ਕਿ ਕਿਹਾ ਕਿ ਇਹ ਲੜਾਈ ਭਗਵਾਨ ਕ੍ਰਿਸ਼ਨ ਤੇ ਕੰਸ, ਰਾਮ ਤੇ ਰਾਵਣ, ਗਾਂਧੀ ਤੇ ਗੋਡਸੇ ‘ਚ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨੇ ਨਰੇਂਦਰ ਮੋਦੀ ‘ਤੇ ਦੇਸ਼ ਨੂੰ ਵੰਡਣ ਦੇ ਇਲਜ਼ਾਮ ਵੀ ਲਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, “ਮੰਦਰ-ਮਸਜ਼ਿਦਾਂ ਦੀ ਥਾਂ ਤੁਹਾਨੂੰ ਬੇਰੁਜ਼ਗਾਰੀ, ਕਿਸਾਨਾਂ ਤੇ ਗਰੀਬਾਂ ਦੀ ਗੱਲ ਕਰਨੀ ਚਾਹੀਦੀ ਹੈ ਪਰ ਤੁਸੀਂ ਇਨ੍ਹਾਂ ਮੁੱਦਿਆਂ ‘ਤੇ ਗੱਲ ਕਰਦੇ ਹੋ?”

ਇਸ ਦੇ ਨਾਲ ਹੀ ਉਨ੍ਹਾਂ ਮੋਦੀ ਨੂੰ ਕਿਹਾ, "ਤੁਸੀਂ ਹਮੇਸ਼ਾ ਝੂਠ ਬੋਲਦੇ ਹੋ। ਮੈਂ ਤੁਹਾਨੁੰ ਇਨ੍ਹਾਂ ਮੁੱਦਿਆਂ ‘ਤੇ ਬਹਿਸ ਕਰਨ ਦੀ ਚੁਣੌਤੀ ਦਿੰਦਾ ਹਾਂ।"