Cyclone Asani Updates: ਬੰਗਾਲ ਦੀ ਖਾੜੀ 'ਤੇ ਬਣਿਆ ਚੱਕਰਵਾਤੀ ਤੂਫਾਨ 'ਆਸਾਨੀ' ਸੋਮਵਾਰ ਨੂੰ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੱਟਵਰਤੀ ਆਂਧਰਾ ਪ੍ਰਦੇਸ਼ ਤੇ ਉੜੀਸਾ ਵੱਲ ਵਧ ਰਿਹਾ ਹੈ। ਹਾਲਾਂਕਿ ਅਗਲੇ ਦੋ ਦਿਨਾਂ 'ਚ ਇਸ ਦੇ ਹੌਲੀ-ਹੌਲੀ ਕਮਜ਼ੋਰ ਹੋਣ ਦੀ ਉਮੀਦ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਸਮ ਵਿਭਾਗ ਨੇ ਦੱਸਿਆ ਕਿ 'ਅਸਾਨੀ' ਕਾਰਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਤੇ ਮੀਂਹ ਵੀ ਪੈ ਸਕਦਾ ਹੈ।

ਉਧਰ, ਬੰਗਾਲ ਦੀ ਖਾੜੀ ਵਿੱਚ ਦਾਖਲ ਹੋਣ ਤੋਂ ਬਾਅਦ ਚੱਕਰਵਰਤੀ ਤੂਫਾਨ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਮੌਸਮ ਵਿਭਾਗ ਨੇ ਓੜੀਸਾ, ਪੱਛਮੀ ਬੰਗਾਲ ਤੇ ਆਂਧਰਾ ਪ੍ਰਦੇਸ਼ ਵਿਚ ਤੂਫਾਨੀ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸਮੁੰਦਰ ਤੋਂ 125 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਇਸ ਦੌਰਾਨ ਬਿਹਾਰ ਵਿੱਚ ਕਾਲੇ ਬੱਦਲ ਛਾ ਗਏ ਹਨ।

ਭਾਰਤ ਮੌਸਮ ਵਿਭਾਗ (ਆਈਐਮਡੀ) ਨੇ ਸੋਮਵਾਰ ਸਵੇਰੇ 8:45 'ਤੇ ਜਾਰੀ ਵਿਸ਼ੇਸ਼ ਬੁਲੇਟਿਨ 'ਚ ਕਿਹਾ ਕਿ ਅੱਜ ਸਵੇਰੇ 5.30 ਵਜੇ ਇਹ ਚੱਕਰਵਾਤੀ ਤੂਫਾਨ ਵਿਸ਼ਾਖਾਪਟਨਮ ਤੋਂ ਲਗਪਗ 550 ਕਿਲੋਮੀਟਰ ਦੱਖਣ-ਦੱਖਣ-ਪੂਰਬ ਤੇ ਪੁਰੀ ਤੋਂ 680 ਕਿਲੋਮੀਟਰ ਦੱਖਣ-ਦੱਖਣ-ਪੂਰਬ ਵੱਲ ਸੀ। ਵਿਭਾਗ ਅਨੁਸਾਰ, "ਇਹ ਮੰਗਲਵਾਰ ਤੱਕ ਉੱਤਰ ਪੱਛਮ ਵੱਲ ਵਧਣ ਤੇ ਉੱਤਰੀ ਆਂਧਰਾ ਪ੍ਰਦੇਸ਼ ਤੇ ਓਡੀਸ਼ਾ ਤੱਟਾਂ ਤੋਂ ਦੂਰ ਪੱਛਮੀ ਮੱਧ ਤੇ ਨਾਲ ਲੱਗਦੇ ਉੱਤਰ-ਪੱਛਮੀ ਬੰਗਾਲ ਦੀ ਖਾੜੀ ਤੱਕ ਪਹੁੰਚਣ ਦੀ ਸੰਭਾਵਨਾ ਹੈ।"
 
ਬੁਲੇਟਿਨ ਵਿੱਚ ਕਿਹਾ ਗਿਆ ਹੈ, "ਇਸ ਤੋਂ ਬਾਅਦ, ਇਸ ਦੇ ਉੱਤਰ-ਉੱਤਰ-ਪੂਰਬ ਵੱਲ ਮੁੜਨ ਤੇ ਓਡੀਸ਼ਾ ਤੱਟ ਨੇੜੇ ਉੱਤਰ-ਪੱਛਮੀ ਬੰਗਾਲ ਦੀ ਖਾੜੀ ਵੱਲ ਵਧਣ ਦੀ ਸੰਭਾਵਨਾ ਹੈ।" ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਇਹ ਓਡੀਸ਼ਾ ਜਾਂ ਆਂਧਰਾ ਪ੍ਰਦੇਸ਼ ਨਹੀਂ ਪਹੁੰਚੇਗਾ। ਉਸ ਨੇ ਕਿਹਾ ਸੀ ਕਿ ਚੱਕਰਵਾਤ ਪੂਰਬੀ ਤੱਟ ਦੇ ਸਮਾਨਾਂਤਰ ਅੱਗੇ ਵਧੇਗਾ ਅਤੇ ਮੰਗਲਵਾਰ ਸ਼ਾਮ ਤੋਂ ਮੀਂਹ ਪੈ ਸਕਦਾ ਹੈ।