ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ, ਦਿੱਲੀ ਵਿੱਚ ਕੋਰੋਨਾ ਦੇ ਨਾਲ ਨਾਲ ਹੁਣ ਟਿੱਡੀ ਦਲ ਦਾ ਵੀ ਹਮਲਾ ਸ਼ੁਰੂ ਹੋ ਗਿਆ ਹੈ। ਟਿੱਡੀ ਦਲ ਰਾਜਧਾਨੀ ਦਿੱਲੀ 'ਚ ਆ ਗਿਆ ਹੈ।ਇਸ ਬਾਰੇ ਜਾਣਕਾਰੀ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਦਿੱਤੀ ਹੈ। ਦਸ ਦੇਈਏ ਕਿ ਟਿੱਡੀ ਦਲ ਦੇ ਹੋਏ ਹਮਲੇ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਇੱਕ ਐਮਰਜੈਂਸੀ ਬੈਠਕ ਬੁਲਾਈ ਸੀ। ਮੀਟਿੰਗ ਤੋਂ ਬਾਅਦ ਗੋਪਾਲ ਰਾਏ ਨੇ ਦੱਸਿਆ ਕਿ ਟਿੱਡੀਆਂ ਦਾ ਇੱਕ ਛੋਟਾ ਦਲ ਦਿੱਲੀ ਦੀ ਸਰਹੱਦ ‘ਤੇ ਝਸੋਲਾ ਘਾਟੀ ਵਿੱਚ ਦਾਖਲ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਅਸੀਂ ਜੰਗਲਾਤ ਵਿਭਾਗ ਨੂੰ ਡਰੱਮ ਅਤੇ ਡੀਜੇ ਵਜਾਉਣ 'ਤੇ ਸਪਰੇਅ ਕੈਮੀਕਲ ਛਿੜਕਣ ਦੇ ਆਦੇਸ਼ ਦਿੱਤੇ ਹਨ।ਦਸ ਦੇਈਏ ਕਿ ਟਿੱਡੀ ਦਲ ਨੇ ਉੱਤਰ ਭਾਰਤ ਦੇ ਕਈ ਰਾਜਾਂ ਵਿੱਚ ਤਬਾਹੀ ਮਚਾ ਦਿੱਤੀ ਹੈ। ਸ਼ਨੀਵਾਰ ਨੂੰ ਟਿੱਡੀਆਂ ਦਾ ਇਹ ਸਮੂਹ ਪਹਿਲੀ ਵਾਰ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਵਿੱਚ ਵੇਖਿਆ ਗਿਆ। ਟਿੱਡੀਆਂ ਤੋਂ ਬਚਣ ਲਈ ਲੋਕਾਂ ਨੇ ਪਲੇਟਾਂ ਵਜਾਈਆਂ। ਇਸ ਬਿਪਤਾ ਤੋਂ ਬਚਣ ਲਈ ਬਹੁਤ ਸਾਰੇ ਲੋਕਾਂ ਨੇ ਡੀਜੇ ਵੀ ਚਲਾਏ।ਦਸ ਦੇਈਏ ਕਿ ਗੁਰੂਗ੍ਰਾਮ ਤੋਂ ਪਹਿਲਾਂ ਟਿੱਡੀ ਦਲ ਨੇ ਮਹਿੰਦਰਗੜ੍ਹ ਅਤੇ ਰੇਵਾੜੀ 'ਚ ਵੀ ਦਸਤਕ ਦਿੱਤੀ ਸੀ।


ਹਰਿਆਣਾ ਸਰਕਾਰ ਨੇ ਅਲਰਟ ਜਾਰੀ ਕੀਤਾ
ਟਿੱਡੀਆਂ ਦੇ ਗੁੜਗਾਉਂ ਅਤੇ ਰੇਵਾੜੀ ਵਿੱਚ ਪਹੁੰਚਣ ਤੋਂ ਬਾਅਦ, ਹਰਿਆਣਾ ਸਰਕਾਰ ਨੇ ਇੱਕ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਟਰੈਕਟਰ ਉੱਤੇ ਸਪਰੇਅ ਛਿੜਕਾਉਣ ਵਾਲੀਆਂ ਮਸ਼ੀਨਾਂ ਲਗਾਉਣ ਸਮੇਤ ਸਾਰੇ ਲੋੜੀਂਦੇ ਉਪਰਾਲੇ ਕੀਤੇ ਗਏ ਹਨ।