ਕੌਮਾਂਤਰੀ ਮੈਗ਼ਜ਼ੀਨ 'ਟਾਈਮਜ਼' ਨੇ ਕੀਤਾ ਮੋਦੀ ਬਾਰੇ ਵੱਡਾ ਖੁਲਾਸਾ
ਏਬੀਪੀ ਸਾਂਝਾ | 10 May 2019 02:11 PM (IST)
ਉਨ੍ਹਾਂ ਪੁੱਛਿਆ "ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਕੀ ਪੰਜ ਸਾਲ ਹੋਰ ਮੋਦੀ ਸਰਕਾਰ ਨੂੰ ਸਹਿ ਸਕਦਾ ਹੈ?"
ਨਵੀਂ ਦਿੱਲੀ: ਕੌਮਾਂਤਰੀ ਖ਼ਬਰੀ ਰਸਾਲਾ ਟਾਈਮਜ਼ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਫੁੱਟ ਪਾਉਣ ਵਾਲਾ ਲੀਡਰ ਕਰਾਰ ਦਿੱਤਾ ਹੈ। ਮੈਗ਼ਜ਼ੀਨ ਨੇ ਭਾਰਤ 'ਚ ਪਾੜੇ ਪਾਉਣ ਵਾਲਿਆਂ ਦੇ ਮੁਖੀ (India’s divider in chief) ਨਾਂ ਦੇ ਸਿਰਲੇਖ ਹੇਠ ਛਾਪੇ ਲੇਖ ਵਿੱਚ ਮੋਦੀ ਦੀ ਕਾਰਜਸ਼ੈਲੀ 'ਤੇ ਖ਼ੂਬ ਤਿੱਖੇ ਸਵਾਲ ਕੀਤੇ ਹਨ। ਲੇਖ ਵਿੱਚ ਪੱਤਰਕਾਰ ਆਤਿਸ਼ ਤਾਸੀਰ ਨੇ ਤੁਰਕੀ, ਬ੍ਰਾਜ਼ੀਲ, ਬ੍ਰਿਟੇਨ ਤੇ ਅਮਰੀਕਾ ਨਾਲ ਭਾਰਤੀ ਲੋਕਤੰਤਰ ਦੀ ਤੁਲਨਾ ਕੀਤੀ ਹੈ। ਉਨ੍ਹਾਂ ਪੁੱਛਿਆ "ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਕੀ ਪੰਜ ਸਾਲ ਹੋਰ ਮੋਦੀ ਸਰਕਾਰ ਨੂੰ ਸਹਿ ਸਕਦਾ ਹੈ?" ਉਨ੍ਹਾਂ ਆਪਣੇ ਲੇਖ ਦੀ ਸ਼ੁਰੂਆਤ ਹੀ ਲੋਕ ਲੁਭਾਊ ਵਾਅਦਿਆਂ ਦੀ ਸਿਆਸਤ ਵਿੱਚ ਫਸਣ ਵਾਲਾ ਭਾਰਤ ਦੁਨੀਆ ਦਾ ਸਭ ਤੋਂ ਪਹਿਲਾ ਲੋਕਤੰਤਰ ਹੈ, ਤੋਂ ਹੀ ਕੀਤੀ ਹੈ। ਰਸਾਲੇ ਦੇ ਲੇਖ ਵਿੱਚ ਜ਼ਿਕਰ ਕੀਤਾ ਹੈ ਕਿ ਮੋਦੀ ਦੀ ਸਰਕਾਰ ਵਿੱਚ ਹਰ ਤਬਕਾ, ਘੱਟ ਗਿਣਤੀਆਂ, ਉਦਾਰਵਾਦੀ ਤੇ ਹੇਠਲੀਆਂ ਜਾਤਾਂ ਤੋਂ ਲੈ ਕੇ ਮੁਸਲਮਾਨ ਤੇ ਇਸਾਈਆਂ 'ਤੇ ਹਮਲੇ ਹੋਏ ਹਨ। ਮੈਗਜ਼ੀਨ ਮੁਤਾਬਕ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕਿਸੇ ਵੀ ਆਰਥਕ ਨੀਤੀ ਨੂੰ ਸਫਲ ਨਹੀਂ ਕਰ ਸਕੀ ਹੈ। ਇਸ ਤੋਂ ਇਲਾਵਾ ਮੋਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਸਿਰਫ ਜ਼ਹਿਰੀਲੇ ਧਾਰਮਿਕ ਰਾਸ਼ਟਰਵਾਦ ਦਾ ਮਾਹੌਲ ਸਿਰਜੇ ਜਾਣ ਦਾ ਜ਼ਿਕਰ ਵੀ ਲੇਖ ਵਿੱਚ ਕੀਤਾ ਗਿਆ ਹੈ। ਲੇਖ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੀਐਮ ਮੋਦੀ ਕਿਸਮਤ ਵਾਲੇ ਹਨ ਕਿ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਧਿਰਾਂ ਉਨ੍ਹਾਂ ਨੂੰ ਹਰਾਉਣ ਵਿੱਚ ਸਫਲ ਨਹੀਂ ਹੋ ਪਾ ਰਹੀਆਂ, ਕਿਉਂਕਿ ਉਨ੍ਹਾਂ ਦਾ ਗਠਜੋੜ ਹੀ ਮਜ਼ਬੂਤ ਨਹੀਂ ਹੈ ਤੇ ਨਾ ਹੀ ਕੋਈ ਏਜੰਡਾ ਹੈ। ਮੈਗ਼ਜ਼ੀਨ ਨੇ ਲਿਖਿਆ ਹੈ ਕਿ ਪੀਐਮ ਮੋਦੀ ਸਾਲ 2014 ਵਿੱਚ ਜਿਸ ਤਰ੍ਹਾਂ ਅਣਗਿਣਤ ਵੋਟਰਾਂ ਦੇ ਸਹਾਰੇ ਸੱਤਾ ਤਕ ਪਹੁੰਚੇ ਸਨ, ਹੁਣ ਇਸ ਵਾਰ ਅਜਿਹਾ ਨਹੀਂ ਹੋ ਸਕਦਾ।