ਚੰਡੀਗੜ੍ਹ: ਕਸ਼ਮੀਰ ਮਾਮਲੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਸੁਲ੍ਹਾ ਕਰਾਉਣ ਲਈ ਅਮਰੀਕਾ ਅੱਗੇ ਆਇਆ ਹੈ। ਭਾਰਤ ਨੇ ਹੀ ਅਮਰੀਕਾ ਨੂੰ ਵਿਚੋਲਗੀ ਕਰਨ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੋਨ ਕਰਕੇ ਪਾਕਿਸਤਾਨ ਨੂੰ ਸਮਝਾਉਣ ਲਈ ਕਿਹਾ। ਟਰੰਪ ਨੇ ਤੁਰੰਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਫੋਨ ਮਿਲਾ ਲਿਆ ਤੇ ਸ਼ਾਂਤੀ ਤੋਂ ਕੰਮ ਲੈਣ ਦੀ ਸਲਾਹ ਦਿੱਤੀ। ਟਰੰਪ ਨੇ ਦੋਵਾਂ ਲੀਡਰਾਂ ਨਾਲ ਗੱਲਬਾਤ ਕਰਨ ਮਗਰੋਂ ਟਵੀਟ ਕਰਕੇ ਮੰਨਿਆ ਕਿ ਮਾਮਲਾ ਕਾਫੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੀਡਰਾਂ ਨਾਲ ਗੱਲਬਾਤ ਵਧੀਆ ਰਿਹਾ ਪਰ ਮਾਮਲਾ ਕਾਫੀ ਉਲਝਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਸ਼ਾਂਤੀ ਨਾਲ ਗੱਲ਼ ਕਰਨ ਦੀ ਸਲਾਹ ਦਿੱਤੀ ਹੈ। ਟਰੰਪ ਨੇ ਇਮਰਾਨ ਖ਼ਾਨ ਨੂੰ ਭਾਰਤ ਖਿਲਾਫ ਸੰਭਲ ਕੇ ਬਿਆਨਬਾਜ਼ੀ ਕਰਨ ਨੂੰ ਕਿਹਾ ਤਾਂ ਜੋ ਹਾਲਾਤ ਹੋਰ ਨਾਲ ਵਿਗੜਣ। ਟਰੰਪ ਨੇ ਟਵੀਟ ਕੀਤਾ, “ਆਪਣੇ ਦੋ ਚੰਗੇ ਦੋਸਤਾਂ, ਭਾਰਤ ਦੇ ਪੀਐਮ ਮੋਦੀ ਤੇ ਪਾਕਿ ਪੀਐਮ ਇਮਰਾਨ ਨਾਲ ਵਪਾਰਕ, ਰਾਜਨੀਤਕ ਸਾਂਝ ਤੇ ਸਭ ਤੋਂ ਜ਼ਿਆਦਾ ਮਹੱਤਪੂਰਨ ਭਾਰਤ ਤੇ ਪਾਕਿ ਦੇ ਕਸ਼ਮੀਰ ‘ਚ ਤਣਾਅ ਘੱਟ ਕਰਨ ਬਾਰੇ ਗੱਲ ਕੀਤੀ।” ਉਨ੍ਹਾਂ ਲਿਖਿਆ, “ਗੰਭੀਰ ਸਥਿਤੀ, ਪਰ ਚੰਗੀ ਗੱਲਬਾਤ।” ਯਾਦ ਰਹੇ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਮਗਰੋਂ ਪਾਕਿਸਤਾਨ ਨੇ ਸਖ਼ਤ ਰੁਖ ਇਖ਼ਤਿਆਰ ਕੀਤਾ ਹੋਇਆ ਹੈ। ਇਮਰਾਨ ਖ਼ਾਨ ਨੇ ਐਤਵਾਰ ਨੂੰ ਭਾਰਤ ਖਿਲਾਫ ਆਪਣੀ ਮੁੰਹਿਮ ‘ਚ ਭਾਰਤ ਸਰਕਾਰ ਨੂੰ ‘ਫਾਸ਼ੀਵਾਦੀ’ ਕਿਹਾ ਸੀ ਜੋ ਘੱਟ ਗਿਣਤੀ ਲੋਕਾਂ ਲਈ ਖ਼ਤਰਾ ਹੈ।