ਨਵੀਂ ਦਿੱਲੀ: ਤੇਲ ਕੀਮਤਾਂ 'ਚ ਵਾਧੇ ਦੀ ਮਹਿੰਗਾਈ ਦੇ ਝੰਬੇ ਆਮ ਲੋਕਾਂ ਨੂੰ ਇੱਕ ਹੋਰ ਝਟਕਾ ਲੱਗਾ ਹੈ। ਇਸ ਵਾਰ ਇਹ ਝਟਕਾ ਰੇਲਵੇ ਨੇ ਦਿੱਤਾ ਹੈ। ਰੇਲਵੇ ਨੇ ਕਿਰਾਇਆਂ ’ਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਹੁਣ ਰੇਲਾਂ ’ਚ ਸਫ਼ਰ ਕਰਨਾ ਮਹਿੰਗਾ ਹੋ ਜਾਵੇਗਾ।
ਰੇਲਵੇ ਨੇ ਕਿਰਾਏ ’ਚ ਇਹ ਵਾਧਾ ਘੱਟ ਦੂਰੀ ਦੀ ਯਾਤਰਾ ਲਈ ਕੀਤਾ; ਜਿਸ ਨਾਲ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਉੱਤੇ ਬੋਝ ਵਧੇਗਾ। ਇਸ ਕਿਰਾਇਆ ਵਾਧੇ ਬਾਰੇ ਰੇਲਵੇ ਦਾ ਕਹਿਣਾ ਹੈ ਕਿ ਕੋਰੋਨਾ ਦੇ ਇਸ ਦੌਰ ’ਚ ਬੇਲੋੜੀਆਂ ਯਾਤਰਾਵਾਂ ਘਟਾਉਣ ਦੇ ਮੰਤਵ ਨਾਲ ਕਿਰਾਏ ’ਚ ਮਾਮੂਲੀ ਵਾਧਾ ਕੀਤਾ ਗਿਆ ਹੈ। ਰੇਲ ਮੰਤਰਾਲੇ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਕਾਰਣ ਵਿਸ਼ੇਸ਼ ਵਿਵਸਥਾ ਅਧੀਨ ਇਨ੍ਹਾਂ ਰੇਲ ਗੱਡੀਆਂ ਦਾ ਕਿਰਾਇਆ ਇੰਨੀ ਹੀ ਦੂਰੀ ਦੀ ਮੇਲ ਤੇ ਐਕਸਪ੍ਰੈੱਸ ਰੇਲਾਂ ਵਿੱਚ ਅਣਰਾਖਵੀਆਂ ਟਿਕਟਾਂ ਜਿੰਨਾ ਤੈਅ ਕੀਤਾ ਗਿਆ ਹੈ।
ਦੱਸ ਦੇਈਏ ਕਿ ਵਿਸ਼ਵ ਮਹਾਮਾਰੀ ਕੋਰੋਨਾ ਕਾਰਣ ਭਾਰਤ ਰੇਲ ਨੇ 22 ਮਾਰਚ, 2020 ਨੂੰ ਰੇਲ ਗੱਡੀਆਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਸਨ ਪਰ ਫਿਰ ਹੌਲੀ-ਹੌਲੀ ਉਨ੍ਹਾਂ ਨੂੰ ਪੜਾਅਵਾਰ ਢੰਗ ਨਾਲ ਚਲਾਇਆ ਗਿਆ ਸੀ। ਆਵਾਜਾਈ ’ਚ ਸੁਵਿਧਾ ਲਈ ਕੋਰੋਨਾ ਪ੍ਰੋਟੋਕੋਲ ਅਧੀਨ ਕਈ ਰੂਟਾਂ ਉੱਤੇ ਵਿਸ਼ੇਸ਼ ਰੇਲਾਂ ਚਲਾਈਆਂ ਜਾ ਰਹੀਆਂ ਹਨ।
ਰੇਲਵੇ ਨੇ ਕੋਵਿਡ ਸੰਕਟ ਤੋਂ ਪਹਿਲਾਂ ਦੇ ਸਮੇਂ ਦੇ ਮੁਕਾਬਲੇ 65% ਮੇਲ ਐਕਸਪ੍ਰੈੱਸ ਰੇਲਾਂ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਹੈ; ਜਦ ਕਿ 90 ਫ਼ੀ ਸਦੀ ਸਬ ਅਰਬਨ ਰੇਲਾਂ ਵੀ ਚਲਾਈਆਂ ਜਾ ਚੁੱਕੀਆਂ ਹਨ। ਫ਼ਿਲਹਾਲ ਰੋਜ਼ਾਨਾ ਕੁੱਲ 326 ਯਾਤਰੀ ਰੇਲਾਂ ਚੱਲ ਰਹੀਆਂ ਹਨ; ਜਦ ਕਿ 1,250 ਮੇਲ/ਐਕਸਪ੍ਰੈੱਸ ਰੇਲਾਂ ਤੇ 5350 ਸਬ ਅਰਬਨ ਰੇਲਾਂ ਚੱਲ ਰਹੀਆਂ ਹਨ।