Nexus of Illegal Travel Agents: ਅਮਰੀਕਾ ਵਿੱਚੋਂ ਗੈਰ-ਕਾਨੂੰਨੀ ਭਾਰਤੀਆਂ ਨੂੰ ਡਿਪੋਰਟ ਕਰਨ ਮਗਰੋਂ ਗੈਰ-ਕਾਨੂੰਨੀ ਟਰੈਵਲ ਏਜੰਟਾਂ ਦਾ ਮੁੱਦਾ ਵੀ ਭਖ ਗਿਆ ਹੈ। ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਫਰਜ਼ੀ ਟਰੈਵਲ ਏਜੰਟਾਂ ਉਪਰ ਸ਼ਿਕੰਜਾ ਕੱਸਣ ਦੇ ਦਾਅਵੇ ਕਰਦੀਆਂ ਆ ਰਹੀਆਂ ਹਨ ਪਰ ਪੰਜਾਬ ਵਿੱਚ ਗੈਰ-ਕਾਨੂੰਨੀ ਟਰੈਵਲ ਏਜੰਟਾਂ ਤੇ ਅਪਰਾਧੀਆਂ ਦਾ ਗਠਜੋੜ ਲਗਤਾਰ ਵਧ-ਫੁੱਲ ਰਿਹਾ ਹੈ। ਅਹਿਮ ਗੱਲ ਹੈ ਕਿ ਇਹ ਧੰਦਾ ਅੰਦਰ-ਖਾਤੇ ਨਹੀਂ ਸਗੋਂ ਸ਼ਰੇਆਮ ਹੋ ਰਿਹਾ ਹੈ।


ਉਧਰ, ਭਾਰਤ ਸਰਕਾਰ ਹੁਣ ਐਕਸ਼ਨ ਮੋਡ ਵਿੱਚ ਹੈ। ਕੇਂਦਰ ਸਰਕਾਰ ਨੇ ਗੈਰ-ਕਾਨੂੰਨੀ ਟਰੈਵਲ ਏਜੰਟਾਂ ਦੀ ਰਿਪੋਰਟ ਮੰਗਵਾ ਲਈ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੀ ਚੌਕਸ ਹੋ ਗਈ ਹੈ। ਅਗਲੇ ਦਿਨਾਂ ਵਿੱਚ ਗੈਰ-ਕਾਨੂੰਨੀ ਟਰੈਵਲ ਏਜੰਟਾਂ ਖਿਲਾਫ ਸ਼ਿਕੰਜ ਕੱਸਿਆ ਜਾਏਗਾ। ਉਧਰ, ਟਰੈਵਲ ਏਜੰਟਾਂ ਅੰਦਰ ਵੀ ਸਹਿਮ ਦਾ ਮਾਹੌਲ ਹੈ। 



ਦਰਅਸਲ ਗੈਰ-ਕਾਨੂੰਨੀ ਟਰੈਵਲ ਏਜੰਟਾਂ ਤੇ ਅਪਰਾਧੀਆਂ ਦਾ ਗਠਜੋੜ  ਦੇਸ਼ ਹੀ ਨਹੀਂ ਸਗੋਂ ਕੌਮਾਂਤਰੀ ਪੱਧਰ ਉਪਰ ਫੈਲਿਆ ਹੋਇਆ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਸ ਦਾ ਅੰਦਾਜ਼ਾ ਪੁਲਿਸ ਐਫਆਈਆਰ ਤੋਂ ਵੀ ਲਾਇਆ ਜਾ ਸਕਦਾ ਹੈ। ਅਗਸਤ ਤੇ ਸਤੰਬਰ 2024 ਦੇ ਮਹੀਨਿਆਂ ਵਿੱਚ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ ਵਿਰੁੱਧ 26 ਐਫਆਈਆਰ ਦਰਜ ਕੀਤੀਆਂ ਗਈਆਂ, ਇਸ ਵਿੱਚ ਕੁੱਲ 34 ਮੁਲਜ਼ਮਾਂ ਵਿੱਚੋਂ 25 ਨੂੰ ਗ੍ਰਿਫ਼ਤਾਰ ਕੀਤਾ ਗਿਆ।



ਪਿਛਲੇ ਅਕਤੂਬਰ ਵਿੱਚ ਅੰਮ੍ਰਿਤਸਰ, ਐਸਏਐਸ ਨਗਰ, ਲੁਧਿਆਣਾ ਤੇ ਪਟਿਆਲਾ ਜ਼ਿਲ੍ਹਿਆਂ ਦੇ ਐਨਆਰਆਈ ਥਾਣਿਆਂ ਵਿੱਚ ਇਮੀਗ੍ਰੇਸ਼ਨ ਐਕਟ ਦੀ ਧਾਰਾ 24/25 ਤਹਿਤ ਕੁੱਲ 18 ਨਵੀਆਂ ਐਫਆਈਆਰ ਦਰਜ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ 6 ਐਫਆਈਆਰ ਸਤੰਬਰ ਮਹੀਨੇ ਵਿੱਚ ਤੇ 12 ਅਕਤੂਬਰ ਵਿੱਚ ਦਰਜ ਕੀਤੀਆਂ ਗਈਆਂ। ਪਿਛਲੇ 6 ਮਹੀਨਿਆਂ ਵਿੱਚ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ ਵਿਰੁੱਧ ਦਰਜ ਕੀਤੇ ਗਏ ਮਾਮਲਿਆਂ ਦੀ ਗਿਣਤੀ 43 ਤੱਕ ਪਹੁੰਚ ਗਈ ਹੈ। ਅਮਰੀਕਾ ਤੋਂ ਭਾਰਤ ਵਾਪਸ ਭੇਜੇ ਗਏ 104 ਪ੍ਰਵਾਸੀ ਭਾਰਤੀਆਂ ਵਿੱਚੋਂ 30 ਇਕੱਲੇ ਪੰਜਾਬ ਤੋਂ ਹਨ, ਜੋ ਇਨ੍ਹਾਂ ਗੈਰ-ਕਾਨੂੰਨੀ ਟਰੈਵਲ ਏਜੰਟਾਂ ਰਾਹੀਂ ਵਿਦੇਸ਼ ਪਹੁੰਚੇ ਸਨ।


 


ਅਮਰੀਕੀ ਹਵਾਈ ਸੈਨਾ ਦੇ ਸੀ-17 ਗਲੋਬਮਾਸਟਰ ਜਹਾਜ਼ ਰਾਹੀਂ ਅਮਰੀਕਾ ਤੋਂ ਭਾਰਤ ਭੇਜੇ ਗਏ 104 ਭਾਰਤੀਆਂ ਦਾ ਪਹਿਲਾ ਜੱਥਾ ਬੁੱਧਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਿਆ। ਅਮਰੀਕਾ ਤੋਂ ਵਾਪਸ ਆਉਣ ਵਾਲੇ ਪੰਜਾਬੀਆਂ ਵਿੱਚੋਂ ਸਭ ਤੋਂ ਵੱਧ ਗਿਣਤੀ ਕਪੂਰਥਲਾ (6), ਅੰਮ੍ਰਿਤਸਰ (5), ਜਲੰਧਰ (4) ਤੇ ਪਟਿਆਲਾ (4) ਤੋਂ ਸੀ। ਆਉਣ ਵਾਲੇ ਸਮੇਂ ਵਿੱਚ ਅਮਰੀਕਾ ਤੋਂ ਭਾਰਤ ਭੇਜੇ ਜਾਣ ਵਾਲੇ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਧੇਗੀ। 



ਬੇਸ਼ੱਕ ਸਵਾਲ ਡਿਪੋਰਟ ਕੀਤੇ ਲੋਕਾਂ ਉਪਰ ਉੱਠ ਰਹੇ ਹਨ ਪਰ ਇਸ ਦਾ ਮੁੱਖ ਕਾਰਨ ਦੇਸ਼ ਭਰ ਵਿੱਚ ਫੈਲੇ ਗੈਰ-ਕਾਨੂੰਨੀ ਟਰੈਵਲ ਏਜੰਟਾਂ ਦਾ ਗੱਠਜੋੜ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਹਨ। ਹਰ ਸਾਲ ਪੰਜਾਬ ਵਿੱਚ ਇਨ੍ਹਾਂ ਗੈਰ-ਕਾਨੂੰਨੀ ਟਰੈਵਲ ਏਜੰਟਾਂ ਰਾਹੀਂ ਹਜ਼ਾਰਾਂ ਨੌਜਵਾਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਿਆ ਜਾਂਦਾ ਹੈ। ਇਸ ਵਿੱਚ ਜ਼ਿਆਦਾਤਰ ਅਪਰਾਧਿਕ ਅਕਸ ਵਾਲੇ ਲੋਕ ਵੀ ਸ਼ਾਮਲ ਹਨ।



ਦੇਸ਼ ਵਿੱਚ 3,094 ਗੈਰ-ਕਾਨੂੰਨੀ ਟ੍ਰੈਵਲ ਏਜੰਟ
ਵਿਦੇਸ਼ ਮੰਤਰਾਲੇ (MEA) ਨੇ 28 ਨਵੰਬਰ 2024 ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੁਆਰਾ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੱਤਾ ਸੀ ਕਿ ਦੇਸ਼ ਭਰ ਵਿੱਚ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ ਦੀ ਗਿਣਤੀ 3,094 ਹੈ, ਜੋ 30 ਅਕਤੂਬਰ 2023 ਤੱਕ 2925 ਸੀ। ਉਸ ਸਮੇਂ ਦੇਸ਼ ਵਿੱਚ ਸਭ ਤੋਂ ਵੱਧ ਆਂਧਰਾ ਪ੍ਰਦੇਸ਼ ਵਿੱਚ 471, ਉੱਤਰ ਪ੍ਰਦੇਸ਼ ਵਿੱਚ 400, ਤਾਮਿਲਨਾਡੂ ਵਿੱਚ 360, ਮਹਾਰਾਸ਼ਟਰ ਵਿੱਚ 309, ਦਿੱਲੀ ਵਿੱਚ 292 ਤੇ ਪੰਜਾਬ ਵਿੱਚ 190 ਗੈਰ-ਕਾਨੂੰਨੀ ਟ੍ਰੈਵਲ ਏਜੰਟ ਸਨ। 


ਜੇਕਰ ਅਸੀਂ 2019 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਰਿਕਾਰਡਾਂ ਦੀ ਗੱਲ ਕਰੀਏ ਤਾਂ 17 ਮਾਰਚ, 2017 ਤੋਂ 10 ਅਕਤੂਬਰ, 2019 ਤੱਕ, ਸੂਬੇ ਵਿੱਚ ਗੈਰ-ਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ 2,140 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਸਨ। ਪੰਜਾਬ ਦੇ ਏਡੀਜੀਪੀ ਪ੍ਰਵੀਨ ਸਿਨ੍ਹਾ ਨੇ ਕਿਹਾ ਕਿ ਪੁਲਿਸ ਇਨ੍ਹਾਂ ਗੈਰ-ਕਾਨੂੰਨੀ ਟਰੈਵਲ ਏਜੰਟਾਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ ਤੇ ਉਨ੍ਹਾਂ ਵਿਰੁੱਧ ਕਾਰਵਾਈ ਕਰ ਰਹੀ ਹੈ। ਏਡੀਜੀਪੀ ਸਿਨ੍ਹਾ ਨੇ ਕਿਹਾ ਕਿ ਵਿਦੇਸ਼ ਜਾਣ ਲਈ ਸਿਰਫ਼ ਉਨ੍ਹਾਂ ਏਜੰਸੀਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿਨ੍ਹਾਂ ਕੋਲ ਇਮੀਗ੍ਰੇਸ਼ਨ ਐਕਟ, 1983 ਤਹਿਤ ਵੈਧ ਭਰਤੀ ਏਜੰਟ (ਆਰਏ) ਲਾਇਸੈਂਸ ਹੈ।