Murder News : ਸ਼ਹਿਰ ਦੇ ਸੈਕਟਰ-31 ਸਥਿਤ ਸੀਐਨਜੀ ਪੰਪ ਦੇ ਤਿੰਨ ਮੁਲਾਜ਼ਮਾਂ ਦਾ ਐਤਵਾਰ ਦੇਰ ਰਾਤ ਕੁਝ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਘਟਨਾ ਐਤਵਾਰ ਦੇਰ ਰਾਤ ਕਰੀਬ 2.40 ਵਜੇ ਦੀ ਹੈ। ਕੁਝ ਵਿਅਕਤੀਆਂ ਨੇ ਇਨ੍ਹਾਂ ਮੁਲਾਜ਼ਮਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਭੂਪੇਂਦਰ, ਪੁਸ਼ਪੇਂਦਰ ਅਤੇ ਨਰੇਸ਼ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਹਮਲਾਵਰਾਂ ਦੀ ਭਾਲ ਜਾਰੀ ਹੈ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਹਰਿਆਣਾ ਰਾਜ ਦੀ ਗੁਰੂਗ੍ਰਾਮ ਪੁਲਿਸ ਨੂੰ ਸ਼ੱਕ ਹੈ ਕਿ ਇਹ ਹਮਲਾ ਲੁੱਟ ਦੇ ਮਕਸਦ ਨਾਲ ਕੀਤਾ ਗਿਆ ਸੀ। ਹਾਲਾਂਕਿ ਇਸ ਮਾਮਲੇ 'ਚ ਕੁਝ ਹੋਰ ਪਹਿਲੂਆਂ ਨੂੰ ਵੀ ਧਿਆਨ 'ਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਅਜੇ ਤਕ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਪੰਪ ਮੈਨੇਜਰ ਦੇ ਕਮਰੇ 'ਚ ਦੋ ਲਾਸ਼ਾਂ ਮਿਲੀਆਂ ਅਤੇ ਇਕ ਬਾਹਰ ਪਈ ਮਿਲੀ। ਭੂਪੇਂਦਰ ਦੇ ਭਰਾ ਧਰਮਿੰਦਰ ਨੇ ਕਿਹਾ ਕਿ ਮੈਂ ਸਵੇਰੇ ਫ਼ੋਨ ਆਉਣ ਤੋਂ ਬਾਅਦ ਉੱਠਿਆ, ਸੀਐਨਜੀ ਪੰਪ 'ਤੇ ਪਹੁੰਚਿਆ ਅਤੇ ਦੇਖਿਆ ਕਿ ਮੇਰੇ ਭਰਾ ਭੂਪੇਂਦਰ ਦੀ ਮੌਤ ਹੋ ਗਈ ਹੈ। ਮੇਰਾ ਭਰਾ ਪੰਪ 'ਤੇ ਅਪਰੇਟਰ ਦਾ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਭਰਾ ਦਾ ਕਤਲ ਕਿਸੇ ਨੇ ਕਤਲ ਕਰ ਦਿੱਤਾ ਹੈ। ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮੌਕੇ 'ਤੇ 'ਫੋਰੈਂਸਿਕ' ਟੀਮ ਅਤੇ ਡੌਗ ਸਕੁਐਡ ਸਮੇਤ ਪੁਲਿਸ ਮੁਲਾਜ਼ਮ ਮੌਜੂਦ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।