Twisha Sharma Death Case : 33 ਸਾਲਾ ਸਾਬਕਾ ਮਿਸ ਪੁਣੇ ਅਤੇ ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਸ਼ੱਕੀ ਮੌਤ ਦੇ ਮਾਮਲੇ ਵਿੱਚ CBI ਨੇ ਅਦਾਲਤ ਵਿੱਚ ਚਾਲਾਨ ਪੇਸ਼ ਕਰ ਦਿੱਤਾ ਹੈ। ਜਾਂਚ ਏਜੰਸੀ ਨੇ ਟਵਿਸ਼ਾ ਦੇ ਪਤੀ ਸਮਰਥ ਸਿੰਘ ਅਤੇ ਉਸ ਦੀ ਮਾਂ ਗਿਰੀਬਾਲਾ ਸਿੰਘ ਖ਼ਿਲਾਫ਼ ਕਈ ਗੰਭੀਰ ਧਾਰਾਵਾਂ ਤਹਿਤ ਆਰੋਪ ਲਗਾਏ ਹਨ।

Continues below advertisement

ਚਾਲਾਨ ਵਿੱਚ ਦੋਵਾਂ ਖ਼ਿਲਾਫ਼ BNS ਦੀਆਂ ਧਾਰਾਵਾਂ 80(2), 85, 108 ਅਤੇ 3(5) ਤਹਿਤ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿੱਚ ਖੁਦਕੁਸ਼ੀ ਲਈ ਉਕਸਾਉਣ ਅਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਨਾਲ ਸਬੰਧਤ ਦੋਸ਼ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਦੋਵਾਂ ਖ਼ਿਲਾਫ਼ ਦਾਜ ਰੋਕੂ ਕਾਨੂੰਨ ਦੀਆਂ ਧਾਰਾਵਾਂ 3 ਅਤੇ 4 ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਦਰਅਸਲ, ਟਵਿਸ਼ਾ ਸ਼ਰਮਾ ਦਾ ਵਿਆਹ ਨਵੰਬਰ 2025 ਵਿੱਚ ਭੋਪਾਲ ਦੇ ਵਕੀਲ ਸਮਰਥ ਸਿੰਘ ਨਾਲ ਹੋਇਆ ਸੀ। ਸਮਰਥ ਦੀ ਮਾਂ ਗਿਰੀਬਾਲਾ ਸਿੰਘ ਮੱਧ ਪ੍ਰਦੇਸ਼ ਵਿੱਚ ਜ਼ਿਲ੍ਹਾ ਜੱਜ ਦੇ ਅਹੁਦੇ ਤੋਂ ਰਿਟਾਇਰ ਹੋਈ ਸਨ। ਵਿਆਹ ਤੋਂ ਕਰੀਬ ਛੇ ਮਹੀਨੇ ਬਾਅਦ 12 ਮਈ 2026 ਨੂੰ ਟਵਿਸ਼ਾ ਆਪਣੇ ਭੋਪਾਲ ਸਥਿਤ ਸਹੁਰੇ ਘਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਬੇਹੋਸ਼ ਮਿਲੀ ਸੀ।

Continues below advertisement

ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਫਾਹਾ ਲੱਗਣਾ ਦੱਸਿਆ ਗਿਆ ਸੀ। ਇਸ ਤੋਂ ਬਾਅਦ ਟਵਿਸ਼ਾ ਦੇ ਪਰਿਵਾਰ ਨੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਉਸ ਦੀ ਮੌਤ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ।

ਟਵਿਸ਼ਾ ਦੇ ਪਰਿਵਾਰ ਅਤੇ ਉਸ ਦੇ ਭਰਾ ਮੇਜਰ ਹਰਸ਼ਿਤ ਸ਼ਰਮਾ ਨੇ ਆਰੋਪ ਲਗਾਇਆ ਸੀ ਕਿ ਵਿਆਹ ਤੋਂ ਬਾਅਦ ਹੀ ਟਵਿਸ਼ਾ ਨੂੰ ਉਸ ਦੇ ਪਤੀ ਸਮਰਥ ਅਤੇ ਸੱਸ ਗਿਰੀਬਾਲਾ ਵੱਲੋਂ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਪਰਿਵਾਰ ਨੇ ਇਹ ਵੀ ਆਰੋਪ ਲਗਾਇਆ ਕਿ ਪਹਿਲੀ ਪੋਸਟਮਾਰਟਮ ਰਿਪੋਰਟ ਵਿੱਚ ਸਰੀਰ ’ਤੇ ਮੌਜੂਦ ਸੱਟਾਂ ਦੇ ਨਿਸ਼ਾਨਾਂ ਨੂੰ ਲੁਕਾਇਆ ਗਿਆ ਅਤੇ ਮੁਲਜ਼ਮਾਂ ਦੇ ਰਸੂਖ ਕਾਰਨ ਪੁਲਿਸ ਨੇ ਜਾਂਚ ਵਿੱਚ ਲਾਪਰਵਾਹੀ ਵਰਤੀ।

ਦੂਜੇ ਪਾਸੇ ਗਿਰੀਬਾਲਾ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਦਾਅਵਾ ਕੀਤਾ ਸੀ ਕਿ ਟਵਿਸ਼ਾ ਮਾਨਸਿਕ ਬਿਮਾਰੀ ਸਿਜ਼ੋਫ੍ਰੇਨੀਆ ਅਤੇ ਨਸ਼ੇ ਦੀ ਲਤ ਨਾਲ ਜੂਝ ਰਹੀ ਸੀ। ਟਵਿਸ਼ਾ ਦੇ ਪਰਿਵਾਰ ਨੇ ਇਨ੍ਹਾਂ ਦਾਅਵਿਆਂ ਦਾ ਸਖ਼ਤ ਵਿਰੋਧ ਕੀਤਾ ਸੀ।

ਮਾਮਲੇ ਵਿੱਚ FIR ਦਰਜ ਕਰਨ ਵਿੱਚ ਦੇਰੀ ਭੋਪਾਲ ਪੁਲਿਸ ਦੀ ਜਾਂਚ ’ਤੇ ਸਵਾਲ ਅਤੇ ਮੁਲਜ਼ਮ ਪਤੀ ਦੇ ਫਰਾਰ ਰਹਿਣ ਨੂੰ ਲੈ ਕੇ ਵਿਵਾਦ ਵਧਦਾ ਗਿਆ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਮਾਮਲੇ ਦੀ ਜਾਂਚ CBI ਨੂੰ ਸੌਂਪ ਦਿੱਤੀ। ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਅਤੇ AIIMS ਦੇ ਡਾਕਟਰਾਂ ਦੇ ਪੈਨਲ ਤੋਂ ਟਵਿਸ਼ਾ ਦਾ ਮੁੜ ਪੋਸਟਮਾਰਟਮ ਕਰਵਾਇਆ ਗਿਆ। CBI ਦੀ ਜਾਂਚ ਵਿੱਚ ਪੁਲਿਸ ਦੀ ਗੰਭੀਰ ਲਾਪਰਵਾਹੀ ਵੀ ਸਾਹਮਣੇ ਆਈ।

ਜਾਂਚ ਵਿੱਚ ਪਤਾ ਲੱਗਾ ਕਿ ਜਿਸ ਬੈਲਟ ਨਾਲ ਫਾਹਾ ਲਗਾਉਣ ਦੀ ਗੱਲ ਕਹੀ ਗਈ ਸੀ, ਉਸ ਨੂੰ ਪੋਸਟਮਾਰਟਮ ਸਮੇਂ ਭੇਜਿਆ ਹੀ ਨਹੀਂ ਗਿਆ ਸੀ ਅਤੇ ਉਸ ਦੀ ਜ਼ਬਤੀ ਦੇ ਮੈਮੋ ’ਤੇ ਗਵਾਹਾਂ ਦੇ ਦਸਤਖ਼ਤ ਵੀ ਨਹੀਂ ਸਨ। ਇਸ ਲਾਪਰਵਾਹੀ ਨੂੰ ਲੈ ਕੇ ਇੱਕ ਪੁਲਿਸ ਅਧਿਕਾਰੀ ’ਤੇ ਜੁਰਮਾਨਾ ਵੀ ਲਗਾਇਆ ਗਿਆ। ਹੁਣ CBI ਵੱਲੋਂ ਚਾਲਾਨ ਪੇਸ਼ ਕੀਤੇ ਜਾਣ ਤੋਂ ਬਾਅਦ ਮਾਮਲੇ ਦੀ ਕਾਨੂੰਨੀ ਪ੍ਰਕਿਰਿਆ ਅੱਗੇ ਵਧੇਗੀ।