ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (IGI) 'ਤੇ ਕਸਟਮ ਅਧਿਕਾਰੀਆਂ ਨੇ ਪੰਜ ਯਾਤਰੀਆਂ ਤੋਂ 45 ਆਈਫੋਨ 16 ਜ਼ਬਤ ਕੀਤੇ ਹਨ ਜੋ ਉਨ੍ਹਾਂ ਨੂੰ ਭਾਰਤ ਵਿੱਚ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀਆਂ ਮੁਤਾਬਕ ਇਹ ਯਾਤਰੀ ਅਮਰੀਕਾ ਤੇ ਹਾਂਗਕਾਂਗ ਤੋਂ ਦਿੱਲੀ ਪੁੱਜੇ ਸਨ ਤੇ ਇਨ੍ਹਾਂ ਮਹਿੰਗੇ ਫ਼ੋਨਾਂ ਨੂੰ ਆਪਣੇ ਸਮਾਨ ਵਿੱਚ ਛੁਪਾ ਕੇ ਭਾਰਤ ਲਿਆਏ ਸਨ।



ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਦਿੱਲੀ ਕਸਟਮ ਵਿਭਾਗ ਨੇ ਕਿਹਾ, '37 ਆਈਫੋਨ 16, ਜਿਸ ਦੀ ਅੰਦਾਜ਼ਨ ਕੀਮਤ 44 ਲੱਖ ਰੁਪਏ ਹੈ, ਏਅਰ ਇੰਡੀਆ ਦੀ ਉਡਾਣ ਏਆਈ 104 'ਤੇ ਵਾਸ਼ਿੰਗਟਨ ਤੋਂ ਦਿੱਲੀ ਆਏ ਇੱਕ ਯਾਤਰੀ ਕੋਲੋਂ ਬਰਾਮਦ ਕੀਤੇ ਗਏ, ਇਸ ਤੋਂ ਇਲਾਵਾ ਹਾਂਗਕਾਂਗ ਤੋਂ ਆਏ 4 ਵਿਅਕਤੀਆਂ ਕੋਲੋਂ 8 ਹੋਰ ਆਈਫੋਨ ਬਰਾਮਦ ਕੀਤੇ ਗਏ ਹਨ।






ਮੋਬਾਈਲ ਤਸਕਰੀ ਦੇ ਮਾਮਲੇ ਵਿੱਚ ਇਹ ਕਾਰਵਾਈ ਦਿੱਲੀ ਕਸਟਮ ਵਿਭਾਗ ਦੇ ਹਾਲ ਹੀ ਦੇ ਵੱਡੇ ਮਾਮਲਿਆਂ ਵਿੱਚੋਂ ਇੱਕ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ, ਕਸਟਮ ਅਧਿਕਾਰੀਆਂ ਨੇ ਵੱਖ-ਵੱਖ ਘਟਨਾਵਾਂ ਵਿੱਚ ਪੰਜ ਯਾਤਰੀਆਂ ਤੋਂ 42 ਆਈਫੋਨ 16 ਪ੍ਰੋ ਮੈਕਸ ਫੋਨ ਜ਼ਬਤ ਕੀਤੇ ਸਨ।


ਕਸਟਮ ਵਿਭਾਗ ਦੀ ਇਸ ਤੇਜ਼ ਕਾਰਵਾਈ ਤੋਂ ਸਪੱਸ਼ਟ ਹੈ ਕਿ ਏਜੰਸੀ ਭਾਰਤ ਵਿੱਚ ਮਹਿੰਗੇ ਆਈਫੋਨ ਦੀ ਤਸਕਰੀ ਨੂੰ ਰੋਕਣ ਲਈ ਹਰ ਸੰਭਵ ਕਾਰਵਾਈ ਕਰ ਰਹੀ ਹੈ। ਦੱਸ ਦਈਏ ਕਿ ਮਹਿੰਗੇ ਇਲੈਕਟ੍ਰਾਨਿਕ ਸਮਾਨ ਦੀ ਤਸਕਰੀ 'ਚ ਸ਼ਾਮਲ ਲੋਕ ਅਕਸਰ ਨਵੀਆਂ-ਨਵੀਆਂ ਚਾਲਬਾਜ਼ੀਆਂ ਕਰਦੇ ਹਨ ਪਰ ਕਈ ਵਾਰ ਏਅਰਪੋਰਟ 'ਤੇ ਉਨ੍ਹਾਂ ਦੀਆਂ ਚਾਲਾਂ ਕੰਮ ਨਹੀਂ ਆਉਂਦੀਆਂ ਅਤੇ ਉਹ ਕਸਟਮ ਅਧਿਕਾਰੀਆਂ ਦੇ ਹੱਥੋਂ ਫੜੇ ਜਾਂਦੇ ਹਨ।



ਆਈਫੋਨ ਵਰਗੇ ਮਹਿੰਗੇ ਸਮਾਰਟਫੋਨ ਦੀ ਮੰਗ ਭਾਰਤ 'ਚ ਤੇਜ਼ੀ ਨਾਲ ਵਧੀ ਹੈ ਅਤੇ ਇਨ੍ਹਾਂ ਦੀ ਤਸਕਰੀ ਕਰਨ ਵਾਲੇ ਲੋਕ ਇਸ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਕਸਟਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਦੀ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :