Kanhaiya Lal Murder Case: ਰਾਜਸਥਾਨ ਦੇ ਉਦੈਪੁਰ ਵਿੱਚ ਹੋਏ ਕਨ੍ਹਈਆ ਲਾਲ ਕਤਲ ਕੇਸ ਵਿੱਚ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਗਿਆ ਹੈ ਕਿ ਕਨ੍ਹਈਆ ਲਾਲ ਦੇ ਕਤਲ ਵਿੱਚ ਵਰਤੇ ਗਏ ਹਥਿਆਰ  ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਆਏ ਸਨ। ਇਨ੍ਹਾਂ ਹਥਿਆਰਾਂ ਨੂੰ ਉਦੈਪੁਰ ਵਿੱਚ ਐਸਕੇ ਇੰਜਨੀਅਰਿੰਗ ਨਾਂ ਦੀ ਫੈਕਟਰੀ ਵਿੱਚ ਤਿੱਖਾ ਕੀਤਾ ਗਿਆ ਸੀ। ਇਨ੍ਹਾਂ ਹਥਿਆਰਾਂ ਦੀ ਤਸਵੀਰ ਇੱਕ ਵਟਸਐਪ ਗਰੁੱਪ ਵਿੱਚ ਸ਼ੇਅਰ ਕੀਤੀ ਗਈ ਸੀ, ਜਿਸ ਵਿੱਚ ਪਾਕਿਸਤਾਨ ਦੇ ਕੁਝ ਨੰਬਰ ਜੁੜੇ ਹੋਏ ਸਨ। ਇਸ ਖੁਲਾਸੇ ਤੋਂ ਬਾਅਦ ਕਾਤਲਾਂ ਦੇ ਪਾਕਿਸਤਾਨ ਕਨੈਕਸ਼ਨ ਵਾਲੀ ਗੱਲ ਪੁਖਤਾ ਹੋ ਜਾਂਦੀ ਹੈ।



ਸਲੀਪਰ ਸੈੱਲ ਵਜੋਂ ਕੰਮ ਕਰ ਰਹੇ ਸਨ 40 ਲੋਕ
ਦੱਸ ਦੇਈਏ ਕਿ ਕਾਨਪੁਰ ਵਿੱਚ ਹੀ ਦਾਵਤ-ਏ-ਇਸਲਾਮੀਆ ਨਾਮਕ ਪਾਕਿਸਤਾਨੀ ਕੱਟੜਪੰਥੀ ਸੰਗਠਨ ਦਾ ਹੈੱਡਕੁਆਰਟਰ ਹੈ। ਹੁਣ ਤੱਕ ਦੀ ਜਾਂਚ ਵਿੱਚ ਗੋਸ ਮੁਹੰਮਦ ਨੂੰ ਕਨ੍ਹਈਆ ਲਾਲ ਦੀ ਹੱਤਿਆ ਦੀ ਸਾਜ਼ਿਸ਼ ਦਾ ਮਾਸਟਰਮਾਈਂਡ ਮੰਨਿਆ ਗਿਆ ਹੈ, ਜਿਸ ਨੂੰ ਰਿਆਜ਼ ਤੇ ਹੋਰਾਂ ਦੀ ਮਦਦ ਨਾਲ ਅੰਜਾਮ ਦਿੱਤਾ ਗਿਆ ਸੀ। ਕਰੀਬ 40 ਲੋਕਾਂ ਦੇ ਵੇਰਵੇ ਜਾਂਚ ਏਜੰਸੀਆਂ ਕੋਲ ਮੌਜੂਦ ਹਨ, ਇਹ ਸਾਰੇ ਗੋਸ ਮੁਹੰਮਦ ਤੇ ਰਿਆਜ਼ ਦੇ ਇਸ਼ਾਰੇ 'ਤੇ ਸਲੀਪਰ ਸੈੱਲਾਂ ਵਾਂਗ ਕੰਮ ਕਰ ਰਹੇ ਸਨ।

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕੀਤੀ ਜਾ ਰਹੀ ਛਾਪੇਮਾਰੀ  
ਇਹ ਸਾਰੇ 40 ਲੋਕ ਉਦੈਪੁਰ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਦੇ ਵਾਸੀ ਹਨ। ਮੁਲਜ਼ਮਾਂ ਨੂੰ ਫੜਨ ਲਈ ਜਾਂਚ ਏਜੰਸੀਆਂ ਉਨ੍ਹਾਂ ਦੇ ਸੰਭਾਵੀ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀਆਂ ਹਨ। ਜ਼ਿਆਦਾਤਰ ਦੋਸ਼ੀ ਉਦੈਪੁਰ ਨੇੜੇ ਸਿਲਾਵਤਵਾੜੀ, ਖਾਨਜੀਪੀਰ ਅਤੇ ਸਵੀਨਾ ਦੇ ਰਹਿਣ ਵਾਲੇ ਹਨ।

ਇਹ ਸਾਰੇ ਗੌਸ ਤੇ ਰਿਆਜ਼ ਦੇ ਵਟਸਐਪ ਰਾਹੀਂ ਸੰਪਰਕ ਵਿੱਚ ਆਏ ਸਨ। ਰਿਆਜ਼ ਤੇ ਗੋਸ ਮੁਹੰਮਦ ਦੇ ਮੋਬਾਈਲਾਂ ਤੋਂ ਪਾਕਿਸਤਾਨੀ ਮੌਲਵੀਆਂ ਦੇ ਜ਼ਹਿਰੀਲੇ ਤੇ ਭੜਕਾਊ ਭਾਸ਼ਣਾਂ ਵਾਲੇ ਸੈਂਕੜੇ ਵੀਡੀਓ ਕਲਿੱਪ ਵੀ ਮਿਲੇ ਹਨ। ਇਸ ਵਿੱਚ ਕੁਝ ਵੀਡੀਓਜ਼ ਵਿੱਚ ਲਾਅਨ ਵੁਲਫ ਅਟੈਕ ਤੇ ਅੱਤਵਾਦੀ ਹਮਲਿਆਂ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ।