ਨਵੀਂ ਦਿੱਲੀ: ਯੂਨੀਵਰਸਿਟੀ 'ਚ ਸਹਾਇਕ ਪ੍ਰੋਫੈਸਰ ਲਈ ਨੈੱਟ ਦੇ ਨਾਲ-ਨਾਲ ਪੀਐਚਡੀ ਵੀ ਲਾਜ਼ਮੀ ਕਰ ਦਿੱਤੀ ਗਈ ਹੈ। ਕੇਂਦਰੀ ਮਨੁੱਖੀ ਸਰੋਤ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਬੁੱਧਵਾਰ ਨੂੰ ਕਿਹਾ ਕਿ ਸਾਲ 2021-22 ਤੋਂ ਯੂਨੀਵਰਸਿਟੀ 'ਚ ਪ੍ਰੋਫੈਸਰ ਦੀ ਨਿਯੁਕਤੀ ਲਈ ਨੈਟ ਦੇ ਨਾਲ-ਨਾਲ ਪੀਐਚਡੀ ਵੀ ਲਾਜ਼ਮੀ ਹੋਵੇਗੀ। ਇਸ ਲਈ ਇਕੱਲੀ ਰਾਸ਼ਟਰੀ ਪਾਤਰਤਾ ਪ੍ਰੀਖਿਆ (ਨੈਟ) ਨੂੰ ਯੋਗ ਨਹੀਂ ਮੰਨਿਆ ਜਾਵੇਗਾ। ਹਾਲਾਂਕਿ ਕਾਲਜਾਂ 'ਚ ਸਿੱਧੀ ਨਿਯੁਕਤੀ ਲਈ ਘੱਟੋ-ਘੱਟ ਯੋਗਤਾ ਮਾਸਟਰ ਡਿਗਰੀ ਨਾਲ ਨੈੱਟ ਜਾਰੀ ਰਹੇਗੀ।

ਯੂਜੀਸੀ ਦੇ ਨਵੇਂ ਨਿਯਮਾਂ ਦਾ ਐਲਾਨ ਕਰਦਿਆਂ ਪ੍ਰਕਾਸ਼ ਜਾਵੇਡਕਰ ਨੇ ਕਿਹਾ ਕਿ ਆਕਾਦਮਿਕ ਪ੍ਰਦਰਸ਼ਨ ਅੰਕ (ਏਪੀਆਈ) ਲਈ ਕਾਲਜ ਅਧਿਆਪਕਾਂ ਵੱਲੋਂ ਖੋਜ ਜ਼ਰੂਰੀ ਬਣਾਉਣ ਨੂੰ ਸਮਾਪਤ ਕਰ ਦਿੱਤਾ ਹੈ ਤਾਂ ਕਿ ਅਧਿਆਪਕ ਵਿਦਿਆਰਥੀਆਂ ਦੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇ ਸਕਣ। ਉਨ੍ਹਾਂ ਕਿਹਾ ਕਿ ਕਾਲਜ ਅਧਿਆਪਕਾਂ ਦੀ ਤਰੱਕੀ ਵਿਦਿਆਰਥੀਆਂ ਨੂੰ ਪੜ੍ਹਾਉਣ ਨਾਲ ਜੁੜ੍ਹੇ ਨਤੀਜਿਆਂ 'ਤੇ ਆਧਾਰਤ ਹੋਵੇਗੀ। ਜੇਕਰ ਅਧਿਆਪਕ ਖੋਜ ਕਰਦੇ ਹਨ ਤਾਂ ਇਸ ਲਈ ਉਨ੍ਹਾਂ ਨੂੰ ਵਾਧੂ ਅੰਕ ਦਿੱਤੇ ਜਾਣਗੇ।

ਹਾਲਾਂਕਿ ਏਪੀਆਈ ਸਿਰਫ਼ ਕਾਲਜ ਅਧਿਆਪਕਾਂ ਲਈ ਹੀ ਸਮਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਅਜਿਹਾ ਸਿਰਫ਼ ਸਿਖਿਆ ਦੀ ਗੁਣਵੱਤਾ ਨੂੰ ਬਣਾਏ ਰੱਖਣ ਲਈ ਕੀਤਾ ਗਿਆ ਹੈ।