ਨਵੀਂ ਦਿੱਲੀ: ਕਾਂਗਰਸ ਨੇ ਦੋਸ਼ ਲਾਇਆ ਕਿ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਧੀ ਗੋਆ ਵਿਚ ‘ਗੈਰਕਾਨੂੰਨੀ ਬਾਰ’ ਚਲਾ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਰਾਨੀ ਨੂੰ ਅਹੁਦੇ ਤੋਂ ਲਾਹ ਦੇਣਾ ਚਾਹੀਦਾ ਹੈ। ਇਸ ਮਗਰੋਂ ਸਿਆਸੀ ਘਮਾਸਾਣ ਮੱਚ ਗਿਆ ਹੈ। ਸੋਸ਼ਲ ਮੀਡੀਆ ਉੱਪਰ ਚਰਚਾ ਛਿੜਨ ਮਗਰੋਂ ਸਮ੍ਰਿਤੀ ਇਰਾਨੀ ਸਾਹਮਣੇ ਆਈ ਤੇ ਪ੍ਰੈੱਸ ਕਾਨਫਰੰਸ ਕਰਕੇ ਖਬਰਾਂ ਦਾ ਖੰਡਨ ਕੀਤਾ।


ਸਮ੍ਰਿਤੀ ਇਰਾਨੀ ਨੇ ਕਿਹਾ ਕਿ ਇਹ ਮੰਦ ਭਾਵਨਾ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ ਕਿ ਉਹ ਅਦਾਲਤ ਤੇ ਲੋਕਾਂ ਦੀ ਕਚਹਿਰੀ ’ਚ ਜਾ ਕੇ ਜਵਾਬ ਮੰਗੇਗੀ। ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥਣ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ‘ਉਸ ਦੀ ਮਾਂ ਨੇ ਨੈਸ਼ਨਲ ਹੈਰਾਲਡ ਕੇਸ ’ਚ ‘5000 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ’ ਵਿੱਚ ਸੋਨੀਆ ਤੇ ਰਾਹੁਲ ਗਾਂਧੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ।’


ਦੱਸ ਦਈਏ ਕਿ ਕਾਂਗਰਸ ਨੇ ਕਿਹਾ ਕਿ ਇਹ ਇੱਕ ਗੰਭੀਰ ਮੁੱਦਾ ਹੈ। ਪਾਰਟੀ ਨੇ ਬਾਰ ਨੂੰ ਮਿਲੇ ਕਾਰਨ ਦੱਸੋ ਨੋਟਿਸ ਦੀ ਕਾਪੀ ਵੀ ਸਾਂਝੀ ਕੀਤੀ ਹੈ। ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਜਿਸ ਐਕਸਾਈਜ਼ ਅਧਿਕਾਰੀ ਨੇ ਨੋਟਿਸ ਜਾਰੀ ਕੀਤਾ ਸੀ, ਦਬਾਅ ਅਧੀਨ ਉਸ ਦੀ ਬਦਲੀ ਕਰ ਦਿੱਤੀ ਗਈ ਹੈ। ਖੇੜਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇਰਾਨੀ ਪਰਿਵਾਰ ਤੇ ਉਸ ਦੀ ਧੀ ਉਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ। ਉਨ੍ਹਾਂ ਦੀ ਧੀ ਕਥਿਤ ਤੌਰ ’ਤੇ ਗੋਆ ਵਿੱਚ ਰੇਸਤਰਾਂ ਚਲਾ ਰਹੀ ਹੈ, ਜਿਸ ਵਿਚਲਾ ਬਾਰ ‘ਜਾਅਲੀ ਲਾਇਸੈਂਸ’ ’ਤੇ ਕੰਮ ਕਰ ਰਿਹਾ ਹੈ।


ਖੇੜਾ ਨੇ ਕਿਹਾ ਕਿ ‘ਸਮ੍ਰਿਤੀ ਇਰਾਨੀ ਦੀ ਧੀ ਕੋਲ ਜਿਹੜਾ ਲਾਇਸੈਂਸ ਹੈ ਉਹ ਉਸ ਵਿਅਕਤੀ ਦੇ ਨਾਂ ’ਤੇ ਹੈ ਜਿਸ ਦੀ ਮਈ 2021 ਵਿਚ ਮੌਤ ਹੋ ਚੁੱਕੀ ਹੈ, ਤੇ ਲਾਇਸੈਂਸ ਗੋਆ ’ਚ ਜੂਨ 2022 ਵਿਚ ਲਿਆ ਗਿਆ ਹੈ। ਪਰ ਜਿਸ ਦੇ ਨਾਂ ਉਤੇ ਲਾਇਸੈਂਸ ਹੈ, ਉਸ ਦੀ 13 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ, ਇਸ ਤਰ੍ਹਾਂ ਇਹ ਗੈਰਕਾਨੂੰਨੀ ਹੈ।’ ਉਨ੍ਹਾਂ ਕਿਹਾ ਕਿ ਗੋਆ ਦੇ ਨਿਯਮਾਂ ਮੁਤਾਬਕ ਇਕ ਰੇਸਤਰਾਂ ਸਿਰਫ਼ ਇਕੋ ਬਾਰ ਲਾਇਸੈਂਸ ਲੈ ਸਕਦਾ ਹੈ ਪਰ ਇਸ ਰੇਸਤਰਾਂ ਕੋਲ ਦੋ ਹਨ।


ਕੇਂਦਰੀ ਮੰਤਰੀ ਇਰਾਨੀ ਵੱਲੋਂ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਣ ਬਾਰੇ ਪੁੱਛੇ ਜਾਣ ’ਤੇ ਖੇੜਾ ਨੇ ਕਿਹਾ ਕਿ ਇੱਕ ਅਖ਼ਬਾਰ ਚਲਾਉਣ ਜਿਹੇ ਚੰਗੇ ਕੰਮ ਤੇ ਗੋਆ ਵਿੱਚ ਗੈਰਕਾਨੂੰਨੀ ਬਾਰ ਚਲਾਉਣ ਵਿਚ ਬਹੁਤ ਫ਼ਰਕ ਹੈ। ਖੇੜਾ ਨੇ ਸਵਾਲ ਕੀਤਾ,‘ਪਾਰਟੀ ਜਾਣਨਾ ਚਾਹੁੰਦੀ ਹੈ ਕਿ ਕਿਸ ਦੇ ਰਸੂਖ਼ ਨਾਲ ਇਹ ਸਭ ਕੀਤਾ ਗਿਆ ਹੈ, ਇਸ ਗੈਰਕਾਨੂੰਨੀ ਕੰਮ ਪਿੱਛੇ ਕੌਣ ਹੈ?’ ਇਰਾਨੀ ਦੀ ਧੀ ਦੀ ਵਕੀਲ ਨੇ ਦੱਸਿਆ ਕਿ ਜ਼ੋਇਸ਼ ਅਠਾਰਾਂ ਸਾਲ ਦੀ ਲੜਕੀ ਤੇ ਉੱਭਰਦੀ ਹੋਈ ਸ਼ੈੱਫ ਹੈ। ਉਸ ਨੇ ਖਾਣਾ ਬਣਾਉਣ ਦੀ ਕਲਾ ਸਿੱਖਣ ਲਈ ਕਈ ਜਗ੍ਹਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਉਚੇਰੀ ਪੜ੍ਹਾਈ ਦੀ ਤਿਆਰੀ ਕਰ ਰਹੀ ਹੈ।


ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਤੋਂ ਮੰਗ ਕਰਦੇ ਹਨ ਕਿ ਇਰਾਨੀ ਨੂੰ ਕੈਬਨਿਟ ਵਿਚੋਂ ਬਰਖਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਮੁੱਦਾ ਉਹ ਸੰਸਦ ਵਿਚ ਵੀ ਉਠਾਉਣਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਗੈਰਕਾਨੂੰਨੀ ਕੰਮ ਕੇਂਦਰੀ ਕੈਬਨਿਟ ਦੀ ਸੀਨੀਅਰ ਮੰਤਰੀ ਦੇ ਰਸੂਖ਼ ਤੋਂ ਬਿਨਾਂ ਨਹੀਂ ਹੋ ਸਕਦਾ। ਰਮੇਸ਼ ਨੇ ਕਿਹਾ ਕਿ ਸਮ੍ਰਿਤੀ ਇਰਾਨੀ ਰਾਹੁਲ ਗਾਂਧੀ ਬਾਰੇ ਹਰ ਤਰ੍ਹਾਂ ਦੇ ਸਵਾਲ ਉਠਾ ਰਹੇ ਹਨ, ‘ਪਰ ਅਸੀਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਅਸੀਂ ਤਾਂ ਸਿਰਫ਼ ਅਖ਼ਬਾਰ ਚਲਾ ਰਹੇ ਹਾਂ ਤੇ ਤੁਸੀਂ ਇਕ ਗੈਰਕਾਨੂੰਨੀ ਬਾਰ ਚਲਾ ਰਹੇ ਹੋ’। ਖੇੜਾ ਨੇ ਦੋਸ਼ ਲਾਇਆ ਕਿ ਬਾਰ ਦੁਆਲੇ ਪ੍ਰਾਈਵੇਟ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ ਤਾਂ ਕਿ ਮੀਡੀਆ ਨੂੰ ਦੂਰ ਰੱਖਿਆ ਜਾ ਸਕੇ।


ਪਵਨ ਖੇੜਾ ਨੇ ਮਗਰੋਂ ਟਵੀਟ ਕਰ ਕੇ ਸਵਾਲ ਕੀਤਾ ਕਿ, ‘ਕਿਹੜੀ ਸਮ੍ਰਿਤੀ ਇਰਾਨੀ ਝੂਠ ਬੋਲ ਰਹੀ ਹੈ? ਉਹ ਜਿਹੜੀ 14 ਅਪਰੈਲ, 2022 ਨੂੰ ਆਪਣੀ ਧੀ ਦੇ ਰੈਸਤਰਾਂ ਉਤੇ ਮਾਣ ਕਰ ਰਹੀ ਸੀ ਜਾਂ ਉਹ ਜਿਹੜੀ ਕਹਿ ਰਹੀ ਹੈ ਕਿ ਉਸ ਦੀ ਧੀ ਦਾ ਸਿਲੀ ਸੋਲਜ਼ ਬਾਰ ਐਂਡ ਕੈਫੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’ ਗੋਆ ਕਾਂਗਰਸ ਦੇ ਪ੍ਰਧਾਨ ਅਮਿਤ ਪਾਟਕਰ ਨੇ ਵੀ ਇਕ ਯੂਟਿਊਬ ਵੀਡੀਓ ਟਵੀਟ ਕੀਤੀ ਜਿਸ ਵਿਚ ਇਰਾਨੀ ਦੀ ਧੀ ਇਸ ਬਾਰ ਤੇ ਕੈਫੇ ਬਾਰੇ ਗੱਲ ਕਰ ਰਹੀ ਹੈ।