ਨਵੀਂ ਦਿੱਲੀ: ਉਨਾਵ ਗੈਂਗਰੇਪ ਮਾਮਲੇ ਕਰਕੇ ਵਿਵਾਦਾਂ ਵਿੱਚ ਘਿਰੇ ਉੱਤਰ ਪ੍ਰਦੇਸ਼ ਦੇ ਬੀਜੇਪੀ ਵਿਧਇਕ ਸਿੰਘ ਸੇਂਗਰ ਨੂੰ ਪਾਰਟੀ ਵਿੱਚੋਂ ਮੁਅੱਤਲ ਦਿੱਤਾ ਗਿਆ ਹੈ। ਸੇਂਗਰ ਖਿਲਾਫ ਬਲਾਤਕਾਰ ਤੇ ਕਤਲ ਦੇ ਮਾਮਲੇ ਦਰ ਹੋ ਚੁੱਕੇ ਹਨ। ਪਿਛਲੇ ਦਿਨੀਂ ਬਲਾਤਕਾਰ ਪੀੜਤਾ ਨੂੰ ਸੜਕ ਹਾਦਸੇ ਵਿੱਚ ਮਰਵਾਉਣ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗਣ ਮਗਰੋਂ ਬੀਜੇਪੀ ਦੀ ਪੂਰੇ ਦੇਸ਼ ਵਿੱਚ ਅਲੋਚਨਾ ਹੋ ਰਹੀ ਸੀ। ਐਤਵਾਰ ਨੂੰ ਵਾਪਰੇ ਸੜਕ ਹਾਦਸੇ ਦੌਰਾਨ ਪੀੜਤਾ ਦੀ ਚਾਚੀ ਤੇ ਮਾਸੀ ਦੀ ਮੌਤ ਹੋ ਗਈ ਹੈ। ਪੀੜਤ ਲੜਕੀ ਤੇ ਉਸ ਦੇ ਵਕੀਲ ਦੀ ਹਾਲੇ ਤਕ ਹਾਲਤ ਗੰਭੀਰ ਬਣੀ ਹੋਈ ਹੈ। ਇਹ ਮਾਮਲਾ ਸੰਸਦ ਵਿੱਚ ਵੀ ਗੂੰਜਿਆ ਸੀ। ਅੱਜ ਬੀਜੇਪੀ ਨੇ ਕਾਰਵਾਈ ਕਰਦਿਆਂ ਵਿਧਾਇਕ ਸੇਂਗਰ ਨੂੰ ਮੁਅੱਤਲ ਕਰ ਦਿੱਤਾ ਹੈ।


ਯਾਦ ਰਹੇ ਕੇਂਦਰੀ ਜਾਂਚ ਬਿਊਰੋ ਨੇ ਬੁੱਧਵਾਰ ਨੂੰ ਉਨਾਵ ਗੈਂਗਰੇਪ ਪੀੜਤਾ 'ਤੇ ਕਾਤਲਾਨਾ ਹਮਲਾ ਕਰਨ ਦੇ ਇਲਜ਼ਾਮ ਹੇਠ ਕੁਲਦੀਪ ਸੇਂਗਰ ਤੇ ਨੌਂ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸੇਂਗਰ 'ਤੇ ਇਲਜ਼ਾਮ ਹੈ ਕਿ ਉਸ ਨੇ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਬਲਾਤਕਾਰ ਪੀੜਤਾ ਨੂੰ ਸੜਕ ਹਾਦਸੇ ਵਿੱਚ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਸੀਬੀਆਈ ਨੇ ਅਧਿਕਾਤਰ ਤੌਰ 'ਤੇ ਮਾਮਲਾ ਆਪਣੇ ਹੱਥਾਂ ਵਿੱਚ ਲੈ ਲਿਆ ਹੈ।

ਬੀਤੇ ਦਿਨੀਂ ਜਦ ਪੀੜਤਾ ਆਪਣੇ ਵਕੀਲ ਤੇ ਰਿਸ਼ਤੇਦਾਰ ਨਾਲ ਕਿਤੇ ਜਾ ਰਹੀ ਸੀ ਤਾਂ ਰਾਏਬਰੇਲੀ ਵਿੱਚ ਤੇਜ਼ ਰਫ਼ਤਾਰ ਟਰੱਕ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿੱਚ ਪੀੜਤਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਇਸ ਘਟਨਾ ਮਗਰੋਂ ਯੂਪੀ ਸਰਕਾਰ ਦੀ ਪੀੜਤਾ ਨੂੰ ਸੁਰੱਖਿਆ ਨਾ ਮੁਹੱਈਆ ਕਰਵਾਉਣ ਕਰਕੇ ਕਾਫੀ ਅਲੋਚਨਾ ਹੋ ਰਹੀ ਹੈ।

ਉਨਾਵ ਗੈਂਗਰੇਪ ਪੀੜਤਾ ਤੇ ਉਸ ਦੇ ਪਰਿਵਾਰ ਨੇ ਪਿਛਲੇ ਇੱਕ ਸਾਲ ਵਿੱਚ ਤਕਰੀਬਨ 33 ਵਾਰ ਆਪਣੀ ਜਾਨ ਨੂੰ ਖ਼ਤਰਾ ਹੋਣ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਇਸ ਦੇ ਬਾਵਜੂਦ ਪੁਲਿਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਪੀੜਤਾ ਇੰਨੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਿਸ ਨੇ ਵੀ ਵਿਧਾਇਕ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ ਪਰ ਮਾਮਲਾ ਸ਼ੱਕੀ ਜਾਪਣ 'ਤੇ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਗਈ ਹੈ।