UP Assembly Elections 2022: ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਭਾਜਪਾ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਹੁਣ ਯੋਗੀ ਮੰਤਰੀ ਮੰਡਲ ਵਿੱਚ ਆਯੂਸ਼ ਮੰਤਰੀ ਧਰਮ ਸਿੰਘ ਸੈਣੀ ਨੇ ਵੀ ਆਪਣਾ ਅਸਤੀਫਾ ਪਾਰਟੀ ਨੂੰ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਔਰੈਇਆ ਬਿਧੁਨਾ ਵਿਧਾਨ ਸਭਾ ਤੋਂ ਵਿਧਾਇਕ ਵਿਨੇ ਸ਼ਾਕਿਆ ਨੇ ਵੀ ਅਸਤੀਫਾ ਦੇ ਦਿੱਤਾ ਹੈ। ਫ਼ਿਰੋਜ਼ਾਬਾਦ ਦੇ ਸ਼ਿਕੋਹਾਬਾਦ ਤੋਂ ਵਿਧਾਇਕ ਮੁਕੇਸ਼ ਵਰਮਾ ਨੇ ਵੀ ਸਵਾਮੀ ਪ੍ਰਸਾਦ ਮੌਰਿਆ ਦਾ ਸਮਰਥਨ ਕਰਦੇ ਹੋਏ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫਿਆਂ ਦੀ ਝੜੀ ਨੇ ਬੀਜੇਪੀ ਦੇ ਹੋਸ਼ ਉਡਾ ਦਿੱਤੇ ਹਨ।
ਦੱਸ ਦਈਏ ਕਿ ਵਿਧਾਇਕ ਮੁਕੇਸ਼ ਵਰਮਾ ਤੇ ਵਿਨੇ ਸ਼ਾਕਿਆ ਤੋਂ ਇਲਾਵਾ ਬਿਲਹੌਰ ਤੋਂ ਭਗਵਤੀ ਪ੍ਰਸਾਦ ਸਾਗਰ, ਸ਼ਾਹਜਹਾਂਪੁਰ ਤੋਂ ਰੋਸ਼ਨ ਲਾਲ ਵਰਮਾ ਨੇ ਵੀ ਅਸਤੀਫਾ ਦੇ ਦਿੱਤਾ ਹੈ। ਅਵਤਾਰ ਸਿੰਘ ਭਡਾਨਾ, ਬ੍ਰਜੇਸ਼ ਪ੍ਰਜਾਪਤੀ ਨੇ ਵੀ ਆਪਣੇ ਅਸਤੀਫੇ ਯੂਪੀ ਦੇ ਭਾਜਪਾ ਪ੍ਰਧਾਨ ਨੂੰ ਸੌਂਪ ਦਿੱਤੇ ਹਨ। ਭਾਜਪਾ ਡੈਮੇਜ਼ ਕੰਟਰੋਲ ਕਰਨ ਲਈ ਲੱਗੀ ਹੋਈ ਹੈ ਪਰ ਸਾਰੇ ਯਤਨ ਵਿਅਰਥ ਜਾ ਰਹੇ ਹਨ।
ਉਧਰ ਮੁਕੇਸ਼ ਵਰਮਾ ਦੇ ਦਾਅਵੇ ਨੇ ਬੀਜੇਪੀ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਵਰਮਾ ਨੇ ਭਾਰੀ ਸਮਰਥਨ ਦਾ ਦਾਅਵਾ ਕਰਦੇ ਹੋਏ ਕਿਹਾ, 'ਸਾਡੇ ਨਾਲ 100 ਵਿਧਾਇਕ ਹਨ ਤੇ ਭਾਜਪਾ ਨੂੰ ਰੋਜ਼ਾਨਾ ਟੀਕੇ ਲੱਗਦੇ ਰਹਿਣਗੇ।' ਉਨ੍ਹਾਂ ਕਿਹਾ ਕਿ ਭਾਜਪਾ ਅਮੀਰਾਂ ਦੀ ਪਾਰਟੀ ਹੈ ਤੇ ਇਸ ਵਿੱਚ ਦਲਿਤਾਂ ਤੇ ਪਿਛੜਿਆਂ ਦਾ ਕੋਈ ਸਨਮਾਨ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਪਿਛੜੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਨੌਕਰੀਆਂ ਨਹੀਂ ਦੇਣ ਦਿੱਤੀਆਂ ਗਈਆਂ। ਵਰਮਾ ਨੇ ਕਿਹਾ ਕਿ ਭਾਜਪਾ ਦਲਿਤ, ਘੱਟ ਗਿਣਤੀ ਤੇ ਪਛੜਾ ਵਿਰੋਧੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :