ਦੇਹਰਾਦੂਨ: ਉੱਤਰਾਖੰਡ ਦੇ ਪਿੰਡ ਭਰਤਪੁਰ ਵਿੱਚ ਨਾਜਾਇਜ਼ ਖਣਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਗਈ ਉੱਤਰ ਪ੍ਰਦੇਸ਼ ਪੁਲਿਸ ਤੇ ਸਥਾਨਕ ਵਾਸੀਆਂ ਵਿਚਾਲੇ ਹੋਈ ਝੜਪ ਵਿੱਚ ਭਾਜਪਾ ਆਗੂ ਦੀ ਪਤਨੀ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ’ਚੋਂ ਚਾਰ ਯੂਪੀ ਪੁਲਿਸ ਦੇ ਮੁਲਾਜ਼ਮ ਹਨ, ਜਿਨ੍ਹਾਂ ’ਚੋਂ ਦੋ ਨੂੰ ਗੋਲੀਆਂ ਲੱਗੀਆਂ ਹਨ।
ਉਨ੍ਹਾਂ ਦੱਸਿਆ ਕਿ ਇਹ ਘਟਨਾ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਕਾਸ਼ੀਪੁਰ ਨੇੜੇ ਭਰਤਪੁਰ ਪਿੰਡ ’ਚ ਵਾਪਰੀ। ਪੁਲਿਸ ਟੀਮ ਕਥਿਤ ਤੌਰ ’ਤੇ ਮਾਈਨਿੰਗ ਮਾਫੀਆ ਨਾਲ ਜੁੜੇ ਜਫਰ ਦੀ ਤਲਾਸ਼ ਵਿੱਚ ਮੁਰਾਦਾਬਾਦ ਜ਼ਿਲ੍ਹੇ ਤੋਂ ਆਈ ਸੀ। ਯੂਪੀ ਪੁਲਿਸ ਨੇ ਦੱਸਿਆ ਕਿ ਇੱਕ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਠਾਕੁਰਦੁਆਰਾ ਥਾਣੇ ਦਾ ਇੱਕ ਸਪੈਸ਼ਲ ਅਪ੍ਰੇਸ਼ਨ ਗਰੁੱਪ (ਐਸਓਜੀ) ਜਫਰ ਦੀ ਭਾਲ ’ਚ ਭਾਜਪਾ ਆਗੂ ਤੇ ਜਸਪੁਰ ਦੇ ਸੀਨੀਅਰ ਬਲਾਕ ਪ੍ਰਧਾਨ ਗੁਰਤਾਜ ਭੁੱਲਰ ਦੇ ਘਰ ਛਾਪਾ ਮਾਰਨ ਲਈ ਭਰਤਪੁਰ ਗਿਆ ਸੀ। ਜਦੋਂ ਉਹ ਭੁੱਲਰ ਦੇ ਘਰ ਪਹੁੰਚੇ ਤਾਂ ਦੋਵਾਂ ਧਿਰਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਇਸ ਦੌਰਾਨ ਦੋਵਾਂ ਧਿਰਾਂ ਨੇ ਇੱਕ-ਦੂਜੇ ’ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਭੁੱਲਰ ਦੀ ਪਤਨੀ ਗੁਰਪ੍ਰੀਤ ਦੀ ਮੌਤ ਹੋ ਗਈ।
ਊਧਮ ਸਿੰਘ ਨਗਰ ਦੇ ਸੀਨੀਅਰ ਪੁਲੀਸ ਕਪਤਾਨ (ਐਸਐਸਪੀ) ਮੰਜੂਨਾਥ ਟੀਸੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਪੁਲੀਸ ਦੀ ਟੀਮ ਨੇ ਉੱਤਰਾਖੰਡ ਪੁਲੀਸ ਨੂੰ ਇਸ ਕਰਾਵਾਈ ਬਾਰੇ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਸੀ। ਘਟਨਾ ਮਗਰੋਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਹਾਈਵੇਅ ’ਤੇ ਧਰਨਾ ਲਾ ਕੇ ਆਵਾਜਾਈ ਰੋਕ ਦਿੱਤੀ। ਕਾਸ਼ੀਪੁਰ ਦੇ ਵਿਧਾਇਕ ਤ੍ਰਿਲੋਕ ਸਿੰਘ ਚੀਮਾ, ਗਦਰਪੁਰ ਦੇ ਵਿਧਾਇਕ ਅਰਵਿੰਦ ਪਾਂਡੇ ਤੇ ਸਾਬਕਾ ਸੰਸਦ ਮੈਂਬਰ ਬਲਰਾਜ ਪਾਸੀ ਨੇ ਵੀ ਧਰਨਾਕਾਰੀਆਂ ਦਾ ਸਮਰਥਨ ਕੀਤਾ। ਜ਼ਿਲ੍ਹਾ ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਮਗਰੋਂ ਰਾਤ 11 ਵਜੇ ਧਰਨਾ ਚੁੱਕਿਆ ਗਿਆ।
ਉੱਤਰਾਖੰਡ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਚਾਰ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨੂੰ ਮੁਰਾਦਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੁਰਾਦਾਬਾਦ ਦੇ ਐਸਐਸਪੀ ਹੇਮੰਤ ਕਟਿਆਲ ਨੇ ਬਲਾਕ ਪ੍ਰਧਾਨ ਤੇ ਉਸ ਦੇ ਸਾਥੀਆਂ ’ਤੇ ਪੁਲਿਸ ਉੱਤੇ ਹਮਲਾ ਕਰਨ ਤੇ ਉਨ੍ਹਾਂ ਦੇ ਹਥਿਆਰ ਖੋਹਣ ਦੇ ਦੋਸ਼ ਹੇਠ ਠਾਕੁਰਦੁਆਰਾ ਥਾਣੇ ਵਿੱਚ ਕੇਸ ਦਰਜ ਕੀਤਾ ਹੈ।