ਪ੍ਰਯਾਗਰਾਜ: ਪੂਰੇ ਦੇਸ਼ ਵਿੱਚ ਗਰਮੀ ਨੇ ਕਹਿਰ ਵਰ੍ਹਾਇਆ ਹੋਇਆ ਹੈ। ਉੱਧਰ, ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਅਸਮਾਨ ਵਿੱਚ ਅੱਗ ਵਰ੍ਹ ਰਹੀ ਹੈ। ਬੀਤੇ 24 ਘੰਟਿਆਂ ‘ਚ ਤਾਪਮਾਨ 47 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ। ਪ੍ਰਯਾਗਰਾਜ ‘ਚ ਮੰਗਲਵਾਰ ਨੂੰ ਤਾਪਮਾਨ 47.3 ਡਿਗਰੀ ਰਿਕਾਰਡ ਕੀਤਾ ਗਿਆ। ਇਸ ਸਾਲ ਪਾਰੇ ਨੇ 47 ਡਿਗਰੀ ਦਾ ਅੰਕੜਾ ਪਾਰ ਕੀਤਾ ਹੈ।



ਤਪਦੀ ਧੁੱਪ ਦੇ ਕਹਿਰ ਨਾਲ ਸੜਕਾਂ ‘ਤੇ ਵੀ ਕਰਫਿਊ ਜਿਹਾ ਆਲਮ ਹੋ ਗਿਆ ਹੈ। ਭਿਆਨਕ ਗਰਮੀ ਨਾਲ ਆਮ ਲੋਕਾਂ ਦਾ ਬੁਰਾ ਹਾਲ ਹੈ। ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰ ਭਾਰਤ ਦੇ ਕਈ ਹਿੱਸਿਆਂ ‘ਚ ਤੇਜ਼ ਗਰਮੀ ਪੈ ਰਹੀ ਹੈ। ਜੰਮੂ ‘ਚ ਇਸ ਮੌਸਮ ਦਾ ਹੁਣ ਤਕ ਦਾ ਸਭ ਤੋਂ ਜ਼ਿਆਦਾ 40 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਮੰਗਲਵਾਰ ਨੂੰ ਦਰਜ ਕੀਤਾ ਗਿਆ।




ਪੱਛਮੀ ਰਾਜਸਥਾਨ ਦੇ ਦੂਰਦਰਾਜ ਖੇਤਰਾਂ ‘ਚ ਲੂ ਵਗ ਰਹੀ ਹੈ। ਸੂਬੇ ਦਾ ਸਭ ਤੋਂ ਗਰਮ ਸਥਾਨ ਸ਼੍ਰੀਗੰਗਾਨਗਰ ਰਿਹਾ। ਇੱਥੇ ਤਾਪਮਾਨ 45.6 ਡਿਗਰੀ ਸੈਲਸੀਅਸ ਰਿਹਾ। ਉਧਰ ਸੂਬੇ ਦਾ ਦੂਜਾ ਸਭ ਤੋਂ ਗਰਮ ਸ਼ਹਿਰ ਚੁਰੂ ਰਿਹਾ ਜਿਸ ਦਾ ਤਾਪਮਾਨ 44.5 ਡਿਗਰੀ ਰਿਹਾ। ਮੌਸਮ ਅਧਿਕਾਰੀਆਂ ਨੇ ਪੱਛਮੀ ਰਾਜਸਥਾਨ ਦੇ ਖੇਤਰਾਂ ‘ਚ ਲੂ ਚੱਲਣ ਦੀ ਚੇਤਾਵਨੀ ਦਿੱਤੀ ਹੈ।




ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੀ ਸ਼ੀਤਕਾਲੀਨ ਰਾਜਧਾਨੀ ਜੰਮੂ ‘ਚ ਇਸ ਮੌਸਮ ‘ਚ ਪਹਿਲੀ ਵਾਰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਕਰ ਗਿਆ। ਜੰਮੂ ‘ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਇਸ ਮੌਸਮ ਦਾ ਆਮ ਤਾਪਮਾਨ ਤੋਂ ਤਿੰਨ ਡਿਗਰੀ ਵਧ ਰਿਹਾ।