Indians Deport From America: ਅਮਰੀਕਾ ਵਿੱਚ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਸੰਭਾਲਣ ਦੇ ਨਾਲ, 205 ਭਾਰਤੀ ਜੋ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਦਾਖਲ ਹੋਏ ਸਨ, ਅੱਜ ਭਾਰਤ ਪਹੁੰਚ ਰਹੇ ਹਨ। ਅਮਰੀਕੀ ਫੌਜ ਦਾ ਜਹਾਜ਼ ਸੀ-17 ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇਗਾ। ਇਹ ਉਡਾਣ ਮੰਗਲਵਾਰ ਦੁਪਹਿਰ ਨੂੰ ਸੈਨ ਐਂਟੋਨੀਓ ਤੋਂ ਅੰਮ੍ਰਿਤਸਰ ਹਵਾਈ ਅੱਡੇ ਲਈ ਰਵਾਨਾ ਹੋਈ।



ਜਦੋਂ ਤੋਂ ਫਲਾਈਟ ਨੇ ਅਮਰੀਕਾ ਤੋਂ ਉਡਾਣ ਭਰੀ ਹੈ, ਉਦੋਂ ਤੋਂ ਹੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਗਤੀਵਿਧੀਆਂ ਵਧ ਗਈਆਂ ਹਨ। ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਅੰਮ੍ਰਿਤਸਰ ਹਵਾਈ ਅੱਡੇ 'ਤੇ ਭਾਰਤੀ ਸੁਰੱਖਿਆ ਏਜੰਸੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।


ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਕੋਲ ਦੇਸ਼ ਨਿਕਾਲਾ ਦੇਣ ਤੋਂ ਬਾਅਦ ਆ ਰਹੇ 205 ਭਾਰਤੀਆਂ ਨੂੰ ਡਿਟੇਨ ਕਰਨ ਦਾ ਕੋਈ ਹੁਕਮ ਨਹੀਂ ਆਇਆ ਹੈ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸੇ ਕਿਸਮ ਦਾ ਡਿਟੈਨਸ਼ਨ ਸੈਂਟਰ ਬਣਾਇਆ ਹੈ। ਜਾਣਕਾਰੀ ਅਨੁਸਾਰ ਅਮਰੀਕਾ ਤੋਂ ਆਉਣ ਵਾਲੇ ਜਹਾਜ਼ ਵਿੱਚ 11 ਕ੍ਰੂ ਮੈਂਬਰ ਅਤੇ 45 ਅਮਰੀਕੀ ਅਧਿਕਾਰੀ ਵੀ ਹੋਣਗੇ, ਜੋ 205 ਭਾਰਤੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਾਰਨ ਤੋਂ ਬਾਅਦ ਵਾਪਸ ਪਰਤ ਜਾਣਗੇ।


ਲੈਂਡ ਹੁੰਦਿਆਂ ਹੀ ਏਜੰਸੀਆ ਕਰਨਗੀਆਂ ਪੁੱਛਗਿੱਛ


ਅੰਮ੍ਰਿਤਸਰ ਪ੍ਰਸ਼ਾਸਨ ਨਾਲ ਜੁੜੇ ਸੂਤਰਾਂ ਅਨੁਸਾਰ, ਅਮਰੀਕੀ ਜਹਾਜ਼ ਵਿੱਚ ਆਉਣ ਵਾਲੇ ਸਾਰੇ ਲੋਕਾਂ ਦੇ ਦਸਤਾਵੇਜ਼ਾਂ ਦੀ ਜਾਂਚ ਅੰਮ੍ਰਿਤਸਰ ਹਵਾਈ ਅੱਡੇ 'ਤੇ ਕੀਤੀ ਜਾਵੇਗੀ। ਇਮੀਗ੍ਰੇਸ਼ਨ ਆਦਿ ਤੋਂ ਇਲਾਵਾ, ਇਨ੍ਹਾਂ ਲੋਕਾਂ ਦੇ ਪੂਰੇ ਪਿਛੋਕੜ, ਖਾਸ ਕਰਕੇ ਉਨ੍ਹਾਂ ਦੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾਵੇਗੀ। ਜੇਕਰ ਕਿਸੇ ਦਾ ਅਪਰਾਧਿਕ ਰਿਕਾਰਡ ਪਾਇਆ ਜਾਂਦਾ ਹੈ, ਤਾਂ ਉਸ ਨੂੰ ਹਵਾਈ ਅੱਡੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਪ੍ਰਕਿਰਿਆ ਵਿੱਚ ਪੂਰਾ ਦਿਨ ਲੱਗ ਸਕਦਾ ਹੈ। ਸੂਤਰਾਂ ਅਨੁਸਾਰ, ਅਮਰੀਕਾ ਤੋਂ ਡਿਪੋਰਟ ਕੀਤੇ ਗਏ ਇਨ੍ਹਾਂ ਭਾਰਤੀਆਂ ਵਿੱਚ ਕੁਝ ਲੋਕ ਅਜਿਹੇ ਹੋ ਸਕਦੇ ਹਨ ਜਿਨ੍ਹਾਂ ਨੇ ਭਾਰਤ ਵਿੱਚ ਕੋਈ ਅਪਰਾਧ ਕੀਤਾ ਹੋਵੇਗਾ ਅਤੇ ਅਮਰੀਕਾ ਭੱਜ ਗਏ ਹੋਣਗੇ।


ਸਰਟੀਫਿਕੇਟ ਦੀ ਹੁੰਦੀ ਜਾਂਚ


ਅੰਮ੍ਰਿਤਸਰ ਦੇ ਸਾਬਕਾ ਪਾਸਪੋਰਟ ਅਧਿਕਾਰੀ ਜੇ.ਐਸ. ਸੋਢੀ ਨੇ ਦੱਸਿਆ ਕਿ ਜਿਸ ਵੀ ਵਿਅਕਤੀ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ, ਉਸ ਕੋਲ ਆਪਣਾ ਪਾਸਪੋਰਟ ਨਹੀਂ ਹੁੰਦਾ। ਅਜਿਹੇ ਮਾਮਲੇ ਵਿੱਚ ਸਬੰਧਤ ਭਾਰਤੀ ਦੂਤਾਵਾਸ ਉਨ੍ਹਾਂ ਨੂੰ ਇੱਕ ਸਰਟੀਫਿਕੇਟ ਜਾਰੀ ਕਰਦਾ ਹੈ, ਜੋ ਕਿ ਭਾਰਤ ਵਿੱਚ ਉਤਰਦਿਆਂ ਹੀ ਵਾਪਸ ਲੈ ਲਿਆ ਜਾਂਦਾ ਹੈ।


ਇਹ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਭਾਰਤੀ ਦੂਤਾਵਾਸ ਸਬੰਧਤ ਵਿਅਕਤੀ ਬਾਰੇ ਵਿਸਤ੍ਰਿਤ ਜਾਣਕਾਰੀ ਇਕੱਠੀ ਕਰਦਾ ਹੈ ਅਤੇ ਇਹ ਸਰਟੀਫਿਕੇਟ ਤਾਂ ਹੀ ਦਿੱਤਾ ਜਾਂਦਾ ਹੈ ਜੇਕਰ ਸਭ ਕੁਝ ਸਹੀ ਪਾਇਆ ਜਾਂਦਾ ਹੈ। ਸਾਬਕਾ ਪਾਸਪੋਰਟ ਅਧਿਕਾਰੀ ਨੇ ਦੱਸਿਆ ਕਿ ਭਾਰਤ ਵਾਪਸ ਆਉਣ ਤੋਂ ਬਾਅਦ ਵੀ ਸਥਾਨਕ ਪੁਲਿਸ ਉਨ੍ਹਾਂ 'ਤੇ ਨਜ਼ਰ ਰੱਖਦੀ ਹੈ। ਉਨ੍ਹਾਂ ਦੀ ਤਸਦੀਕ ਦੁਬਾਰਾ ਕੀਤੀ ਜਾਂਦੀ ਹੈ।