ਮੁੰਬਈ: ਵਿਸ਼ਵ ਪ੍ਰਸਿੱਧ ਕਲਾਸੀਕਲ ਗਾਇਕ ਉਸਤਾਦ ਗੁਲਾਮ ਮੁਸਤਫਾ ਖਾਨ ਸਹਿਬ ਦਾ 89 ਸਾਲ ਦੀ ਉਮਰ ਵਿੱਚ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਘਰ ਵਿੱਚ ਦਿਹਾਂਤ ਹੋ ਗਿਆ। ਉਹ ਲਗਪਗ 15 ਸਾਲ ਪਹਿਲਾਂ ਬ੍ਰੇਨ ਸਟ੍ਰੋਕ ਦਾ ਸ਼ਿਕਾਰ ਹੋ ਗਏ ਸੀ ਤੇ ਅਧਰੰਗ ਨਾਲ ਪੀੜਤ ਸਨ।

ਉਨ੍ਹਾਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਦੇ ਬੇਟੇ ਰੱਬਾਣੀ ਮੁਸਤਫਾ ਖਾਨ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਅੱਜ ਦੁਪਹਿਰ 12-12: 15 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ।

ਜ਼ਿਕਰਯੋਗ ਹੈ ਕਿ ਉਸਤਾਦ ਗੁਲਾਮ ਮੁਸਤਫਾ ਖਾਨ ਨੂੰ 1991 ਵਿੱਚ ਪਦਮ ਸ਼੍ਰੀ, 2006 ਵਿੱਚ ਪਦਮ ਭੂਸ਼ਣ ਤੇ 2018 ਵਿੱਚ ਫਿਰ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ ਨੂੰ ਸੰਗੀਤ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਸੰਗੀਤ ਨਾਟਕ ਅਕਾਦਮੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਸ਼ਾਮ 7:30 ਵਜੇ ਪੂਰੇ ਰਾਜ ਸਨਮਾਨਾਂ ਨਾਲ ਸਾਂਤਾ ਕਰੂਜ਼ ਸ਼ਮਸ਼ਾਨਘਾਟ ਵਿੱਚ ਸਪੁਰਦ-ਏ-ਖਾਕ ਕੀਤਾ ਜਾਵੇਗਾ।

ਉਸਤਾਦ ਗੁਲਾਮ ਮੁਸਤਫਾ ਖਾਨ ਆਪਣੇ ਪਿੱਛੇ ਚਾਰ ਬੇਟੇ, ਚਾਰ ਧੀਆਂ ਤੇ ਪਤਨੀ ਛੱਡ ਗਏ ਹਨ। ਏਬੀਪੀ ਨਿਊਜ਼ ਨਾਲ ਗੱਲ ਕਰਦਿਆਂ ਉਨ੍ਹਾਂ ਦੇ ਬੇਟੇ ਰੱਬਾਣੀ ਮੁਸਤਫਾ ਖਾਨ ਨੇ ਕਿਹਾ, "ਉਨ੍ਹਾਂ ਦਾ ਵਿਛੋੜਾ ਸੰਗੀਤ ਦੇ ਖੇਤਰ ਵਿੱਚ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਤੇ ਅਸੀਂ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਰਵਾਇਤ ਨੂੰ ਜਾਰੀ ਰੱਖਾਂਗੇ। ਇਹ ਉਨ੍ਹਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।"

ਗੁਲਾਮ ਮੁਸਤਫਾ ਖਾਨ ਨੇ ਆਸ਼ਾ ਭੌਸਲੇ, ਗੀਤਾ ਦੱਤ, ਮੰਨਾ ਡੇ, ਸੋਨੂੰ ਨਿਗਮ, ਹਰਿਹਰਾਨ, ਸ਼ਾਨ ਵਰਗੇ ਨਾਮਵਰ ਗਾਇਕਾਂ ਦੇ ਕਰੀਅਰ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਬਾਲੀਵੁੱਡ ਦੇ ਸਾਰੇ ਗਾਇਕ ਉਨ੍ਹਾਂ ਨੂੰ ਆਪਣਾ ਸਲਾਹਕਾਰ ਮੰਨਦੇ ਸੀ। ਲਤਾ ਮੰਗੇਸ਼ਕਰ ਨੇ ਗੁਲਾਮ ਮੁਸਤਫਾ ਖਾਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੋਸ਼ਲ ਮੀਡੀਆ 'ਤੇ ਪੋਸਟ ਜ਼ਰੀਏ ਲਿਖਿਆ ਕਿ ਉਸ ਨੂੰ ਗੁਲਾਮ ਮੁਸਤਫਾ ਖਾਨ ਦੀ ਮੌਤ 'ਤੇ ਬਹੁਤ ਦੁੱਖ ਹੈ ਤੇ ਉਹ ਨਾ ਸਿਰਫ ਇਕ ਮਹਾਨ ਕਲਾਸੀਕਲ ਗਾਇਕ ਸੀ, ਬਲਕਿ ਇਕ ਬਹੁਤ ਹੀ ਚੰਗਾ ਵਿਅਕਤੀ ਵੀ ਸੀ।