Uttarakhand Badrinath Highway Accident: ਉੱਤਰਾਖੰਡ ਦੇ ਬਦਰੀਨਾਥ ਹਾਈਵੇਅ 'ਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਯਾਤਰੀਆਂ ਨਾਲ ਭਰੀ ਇੱਕ ਟੈਂਪੂ ਟਰੈਵਲਰ ਗੱਡੀ ਬੇਕਾਬੂ ਹੋ ਕੇ ਅਲਕਨੰਦਾ ਨਦੀ ਵਿੱਚ ਜਾ ਡਿੱਗੀ। ਇਸ ਹਾਦਸੇ 'ਚ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਸੱਤ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮੌਕੇ 'ਤੇ ਬਚਾਅ ਕਾਰਜ ਜਾਰੀ ਹੈ। ਲਾਪਤਾ ਲੋਕਾਂ ਦੀ ਭਾਲ ਲਈ ਯਤਨ ਕੀਤੇ ਜਾ ਰਹੇ ਹਨ।


ਇਹ ਹਾਦਸਾ ਬਦਰੀਨਾਥ ਹਾਈਵੇ 'ਤੇ ਰੈਂਟੋਲੀ ਨੇੜੇ ਵਾਪਰਿਆ, ਜਿੱਥੇ ਟੈਂਪੂ ਟਰੈਵਲਰ ਅਚਾਨਕ ਬੇਕਾਬੂ ਹੋ ਕੇ ਅਲਕਨੰਦਾ ਨਦੀ 'ਚ ਜਾ ਡਿੱਗਿਆ। ਘਟਨਾ ਤੋਂ ਬਾਅਦ ਉਥੇ ਹਫੜਾ-ਦਫੜੀ ਮਚ ਗਈ। ਲੋਕ ਮਦਦ ਲਈ ਰੌਲਾ ਪਾਉਣ ਲੱਗੇ ਜਿਸ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਉਥੇ ਇਕੱਠੇ ਹੋ ਗਏ। ਖਬਰਾਂ ਮੁਤਾਬਕ ਟਰੈਵਲਰ 'ਚ ਕਰੀਬ 17 ਯਾਤਰੀ ਸਵਾਰ ਸਨ, ਘਟਨਾ ਦੀ ਸੂਚਨਾ ਮਿਲਦੇ ਹੀ ਬਚਾਅ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ। ਘਟਨਾ ਵਾਲੀ ਥਾਂ 'ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਨਦੀ ਦੇ ਤੇਜ਼ ਵਹਾਅ ਕਾਰਨ ਬਚਾਅ ਕਾਰਜ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਐਸਪੀ ਡਾਕਟਰ ਵਿਸ਼ਾਖਾ ਅਸ਼ੋਕ ਭਦਾਨੇ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐਸਡੀਆਰਐਫ ਦੀ ਟੀਮ ਵੀ ਮੌਕੇ 'ਤੇ ਰਵਾਨਾ ਹੋ ਗਈ। ਐਮਆਰਐਫ ਅਤੇ ਐਨਡੀਆਰਪੀ ਦੀਆਂ ਟੀਮਾਂ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।






ਸੀਐਮ ਪੁਸ਼ਕਰ ਸਿੰਘ ਧਾਮੀ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, 'ਰੁਦਰਪ੍ਰਯਾਗ ਜ਼ਿਲ੍ਹੇ 'ਚ ਟੈਂਪੋ ਟਰੈਵਲਰ ਦੇ ਹਾਦਸੇ ਦੀ ਬਹੁਤ ਹੀ ਦੁਖਦਾਈ ਖ਼ਬਰ ਮਿਲੀ। ਸਥਾਨਕ ਪ੍ਰਸ਼ਾਸਨ ਅਤੇ ਐਸਡੀਆਰਐਫ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਮੈਡੀਕਲ ਸੈਂਟਰ ਭੇਜਿਆ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੂੰ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਵਿਛੜੀਆਂ ਰੂਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਦੁਖੀ ਪਰਿਵਾਰਾਂ ਨੂੰ ਇਸ ਅਥਾਹ ਦੁੱਖ ਨੂੰ ਸਹਿਣ ਦਾ ਬਲ ਬਖਸ਼ੇ।