Gujarat News : ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਦੀਵਾਲੀ ਦੀ ਰਾਤ ਫਿਰਕੂ ਹਿੰਸਾ ਭੜਕ ਗਈ। ਇਸ ਦੌਰਾਨ ਝੜਪਾਂ ਵੀ ਹੋਈਆਂ। ਪੁਲਿਸ ਨੇ ਮੰਗਲਵਾਰ ਸਵੇਰ ਤੱਕ 19 ਦੰਗਾਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਦੰਗਾਕਾਰੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੋਮਵਾਰ ਰਾਤ ਨੂੰ ਸ਼ਹਿਰ ਦੇ ਪਾਣੀਗੇਟ ਇਲਾਕੇ 'ਚ ਝੜਪਾਂ ਹੋਈਆਂ। ਪੁਲਿਸ ਨੇ ਮੰਨਿਆ ਕਿ ਇਹ ਝਗੜਾ ਆਹਮੋ -ਸਾਹਮਣੇ ਪਟਾਕੇ ਚਲਾਉਣ ਅਤੇ ਰਾਕੇਟ ਛੱਡਣ ਨਾਲ ਸ਼ੁਰੂ ਹੋਇਆ ਸੀ।
ਪੁਲਿਸ ਨੇ ਕੀ ਦਿੱਤੀ ਜਾਣਕਾਰੀ
ਵਡੋਦਰਾ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਯਸ਼ਪਾਲ ਜਗਾਨਿਆ ਨੇ ਸਥਾਨਕ ਮੀਡੀਆ ਨੂੰ ਦੱਸਿਆ, "ਹਿੰਸਾ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੂੰ ਜਿਵੇਂ ਹੀ ਘਟਨਾ ਦੀ ਜਾਣਕਾਰੀ ਮਿਲੀ, ਪੂਰੇ ਸ਼ਹਿਰ ਤੋਂ ਕਰਮਚਾਰੀ ਮੌਕੇ 'ਤੇ ਭੇਜੇ ਗਏ ਅਤੇ ਸਥਿਤੀ ਕਾਬੂ ਕਰ ਲਿਆ ਗਿਆ।'' ਘਰ ਦੀ ਛੱਤ ਤੋਂ ਪੁਲਿਸ 'ਤੇ ਪੈਟਰੋਲ ਬੰਬ ਸੁੱਟਿਆ ਗਿਆ, ਇਸ ਸਬੰਧ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਝੜਪ ਸ਼ੁਰੂ ਹੋਣ ਤੋਂ ਪਹਿਲਾਂ ਸਟਰੀਟ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਦੋਵਾਂ ਪਾਸਿਆਂ ਦੇ ਦੰਗਾਕਾਰੀਆਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਇੱਕ ਸਥਾਨਕ ਨਿਵਾਸੀ ਅਨੁਸਾਰ ਕਾਲਜ ਦੇ ਕੋਲ ਪਟਾਕੇ ਚਲਾਉਣ ਨੂੰ ਲੈ ਕੇ ਝੜਪ ਹੋਈ।
ਵਡੋਦਰਾ ਵਿੱਚ ਫਿਰਕੂ ਦੰਗੇ
ਨਿਊਜ਼ ਏਜੰਸੀ ਏਐਨਆਈ ਨੇ ਯਸ਼ਪਾਲ ਜਗਾਨਿਆ ਦੇ ਹਵਾਲੇ ਨਾਲ ਦੱਸਿਆ ਹੈ ਕਿ ਸੋਮਵਾਰ ਰਾਤ ਨੂੰ ਸ਼ਹਿਰ ਦੇ ਪਾਣੀਗੇਟ ਇਲਾਕੇ ਵਿੱਚ ਮੁਸਲਿਮ ਮੈਡੀਕਲ ਸੈਂਟਰ ਵਿੱਚ ਪਥਰਾਅ ਦੀ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚਸ਼ਮਦੀਦਾਂ ਦੇ ਬਿਆਨ ਲਏ ਜਾ ਰਹੇ ਹਨ।
ਇਸ ਤੋਂ ਪਹਿਲਾਂ ਇਸ ਮਹੀਨੇ ਦੀ 3 ਤਰੀਕ ਨੂੰ ਵੀ ਵਡੋਦਰਾ ਵਿੱਚ ਫਿਰਕੂ ਦੰਗੇ ਹੋਏ ਸਨ। ਇਹ ਹੰਗਾਮਾ ਸ਼ਹਿਰ ਦੇ ਸਾਵਲੀ ਟਾਊਨ ਦੀ ਸਬਜ਼ੀ ਮੰਡੀ ਵਿੱਚ ਹੋਇਆ। ਇਕ ਮੰਦਰ ਨੇੜੇ ਬਿਜਲੀ ਦੇ ਖੰਭੇ 'ਤੇ ਦੂਜੇ ਧਰਮ ਦਾ ਝੰਡਾ ਲਗਾਉਣ ਤੋਂ ਬਾਅਦ ਵਿਵਾਦ ਸ਼ੁਰੂ ਹੋਇਆ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।