ਪੀਲੀਭੀਤ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਥਾਨਕ ਸੰਸਦ ਮੈਂਬਰ ਵਰੁਣ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ 1.5 ਕਰੋੜ ਅਸਾਮੀਆਂ ਖਾਲੀ ਹਨ, ਜਿਨ੍ਹਾਂ ਨੂੰ ਭਰਿਆ ਨਹੀਂ ਜਾ ਰਿਹਾ ਤੇ ਨੌਜਵਾਨ ਬੇਰੁਜ਼ਗਾਰੀ ਦਾ ਸਾਹਮਣਾ ਕਰਕੇ ਖਾਲੀ ਪੇਟ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋੜਾਂ ਬੇਰੁਜ਼ਗਾਰਾਂ ਨੂੰ ਨਹੀਂ ਪਤਾ ਕਿ ਅੱਗੇ ਉਨ੍ਹਾਂ ਦਾ ਕੀ ਹੋਣ ਵਾਲਾ ਹੈ। ਪੀਲੀਭੀਤ 'ਚ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਚੋਣਾਂ ਤੋਂ ਬਾਅਦ ਪਹਿਲੀ ਵਾਰ ਸਥਾਨਕ ਸੰਸਦ ਮੈਂਬਰ ਵਰੁਣ ਗਾਂਧੀ ਆਪਣੇ ਸੰਸਦੀ ਖੇਤਰ ਪੀਲੀਭੀਤ 'ਚ ਦੋ ਦਿਨਾਂ ਦੌਰੇ 'ਤੇ ਆਏ ਤੇ ਉਨ੍ਹਾਂ ਨੇ ਆਪਣੀ ਅਸਥਾਈ ਰਿਹਾਇਸ਼ 'ਤੇ ਵਰਕਰਾਂ ਨਾਲ ਮੀਟਿੰਗ ਕੀਤੀ।


ਇਕੱਠ ਨੂੰ ਸੰਬੋਧਨ ਕਰਦਿਆਂ ਵਰੁਣ ਗਾਂਧੀ ਨੇ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਕਿਸਾਨ ਅੰਦੋਲਨ ਬਾਰੇ ਚਰਚਾ ਕੀਤੀ। ਨੌਜਵਾਨਾਂ ਦੇ ਰੁਜ਼ਗਾਰ ਦਾ ਮੁੱਦਾ ਉਠਾਉਂਦੇ ਹੋਏ ਗਾਂਧੀ ਨੇ ਕਿਹਾ ਕਿ ਸਾਡੀ ਲੜਾਈ ਰੁਜ਼ਗਾਰ ਤੇ ਆਰਥਿਕ ਬਰਾਬਰੀ ਲਈ ਹੈ, ਸਾਡਾ ਸੰਵਿਧਾਨ ਕਹਿੰਦਾ ਹੈ ਕਿ ਸਾਰਿਆਂ ਨੂੰ ਬਰਾਬਰ ਆਰਥਿਕ ਮੌਕੇ ਮਿਲਣੇ ਚਾਹੀਦੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਇਹ ਉਦੋਂ ਸੰਭਵ ਹੈ ਜਦੋਂ ਹਰ ਹੱਥ ਨੂੰ ਕੰਮ ਮਿਲੇਗਾ।


ਉਨ੍ਹਾਂ ਦੋਸ਼ ਲਾਇਆ ਕਿ ਕਿਸੇ ਦੇ ਬੈਂਕ ਖਾਤੇ ਵਿੱਚ ਪੈਸੇ ਨਹੀਂ ਆਏ, ਦੋ ਕਰੋੜ ਨੌਕਰੀਆਂ ਮਿਲਣੀਆਂ ਸੀ ਪਰ ਉਹ ਨਹੀਂ ਮਿਲੀਆਂ, ਕਿਸਾਨ ਦੀ ਆਮਦਨ ਜੋ ਦੁੱਗਣੀ ਹੋਣੀ ਸੀ, ਉਹ ਵੀ ਨਹੀਂ ਹੋਈ। ਸਾਂਸਦ ਨੇ ਕਿਹਾ, “ਅਸੀਂ ਇਹ ਨਹੀਂ ਕਹਿ ਰਹੇ ਹਾਂ ਕਿ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਪਰ ਜਿਨ੍ਹਾਂ ਦੀ ਪਹਿਲਾਂ ਹੀ ਘੋਸ਼ਣਾ ਕੀਤੀ ਗਈ ਹੈ, ਉਨ੍ਹਾਂ 'ਤੇ ਭਰਤੀ ਕੀਤੀ ਜਾਣੀ ਚਾਹੀਦੀ ਹੈ। ਇਹ ਸਰਕਾਰ ਦਾ ਫਰਜ਼ ਹੈ ਤੇ ਜ਼ਿੰਮੇਵਾਰੀ ਵੀ।''


ਸ਼ਨੀਵਾਰ ਨੂੰ ਦਿੱਲੀ ਤੋਂ ਦੋ ਦਿਨ ਦੀ ਯਾਤਰਾ 'ਤੇ ਪੀਲੀਭੀਤ ਪਹੁੰਚੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਸੰਵਾਦ ਪ੍ਰੋਗਰਾਮ 'ਚ ਕਿਹਾ ਕਿ ਅਸਲ ਲੜਾਈ ਰੁਜ਼ਗਾਰ ਤੇ ਭ੍ਰਿਸ਼ਟਾਚਾਰ ਦੀ ਲੜਾਈ ਹੈ, ਇਹ ਸੋਚਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਭਵਿੱਖ ਭਾਸ਼ਨ ਨਾਲ, ਚੋਣਾਂ ਜਿੱਤਣ ਜਾਂ ਹਾਰਨ ਨਾਲ ਨਹੀਂ, ਸਗੋਂ ਦੇਸ਼ ਦੀ ਸੱਚੀ ਸੇਵਾ ਨਾਲ ਬਣਦਾ ਹੈ।


ਇਹ ਵੀ ਪੜ੍ਹੋ: 'ਆਪ' 'ਚ ਬਗਾਵਤ! ਕੈਬਨਿਟ ਮੰਤਰੀ ਬਲਜੀਤ ਕੌਰ ਖਿਲਾਫ ਪਾਰਟੀ ਵਰਕਰਾਂ ਨੇ ਖੋਲ੍ਹਿਆ ਮੋਰਚਾ, ਜਾਣੋ ਕਾਰਨ