ਅਹਿਮਦਾਬਾਦ ਜਹਾਜ਼ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੁਖਦਾਈ ਹਾਦਸੇ ਵਿੱਚ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਜ਼ਖਮੀ ਹੋ ਗਏ ਹਨ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਉਸੇ ਜਹਾਜ਼ ਵਿੱਚ ਸਵਾਰ ਸਨ। ਉਹ ਲੰਡਨ ਵਿੱਚ ਆਪਣੀ ਧੀ ਦੇ ਘਰ ਜਾ ਰਹੇ ਸਨ। ਜਾਣਕਾਰੀ ਅਨੁਸਾਰ, ਵਿਜੇ ਰੂਪਾਨੀ ਦੀ ਪਤਨੀ ਅੰਜਲੀ ਰੂਪਾਨੀ ਪਿਛਲੇ ਕਈ ਦਿਨਾਂ ਤੋਂ ਲੰਡਨ ਵਿੱਚ ਸੀ ਅਤੇ ਹੁਣ ਉਹ ਆਪਣੀ ਧੀ ਨੂੰ ਮਿਲਣ ਵੀ ਜਾ ਰਹੇ ਸਨ। ਇਸ ਮੌਕੇ ਭਾਜਪਾ ਲੀਡਰਾਂ ਨੇ ਵਿਜੇ ਰੁਪਾਣੀ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ।

ਇਸ ਨੂੰ ਲੈ ਕੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਇਹ ਜਾਣ ਕੇ ਬਹੁਤ ਦੁੱਖ ਹੋਇਆ ਅਤੇ ਦਿਲ ਟੁੱਟ ਗਿਆ ਕਿ ਸ਼੍ਰੀ ਵਿਜੇ ਰੂਪਾਨੀ ਜੀ ਅੱਜ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਜਹਾਜ਼ ਵਿੱਚ ਸਵਾਰ ਸਨ। ਗੁਜਰਾਤ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹ ਇੱਕ ਨਿਮਰ ਅਤੇ ਹਮਦਰਦ ਇਨਸਾਨ ਅਤੇ ਇੱਕ ਜ਼ਮੀਨੀ ਪੱਧਰ ਦੇ ਨੇਤਾ ਸਨ। ਮੈਨੂੰ ਉਨ੍ਹਾਂ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਕਿਉਂਕਿ ਉਹ ਪੰਜਾਬ ਭਾਜਪਾ ਦੇ ਇੰਚਾਰਜ ਸਨ। ਉਹ ਇੱਕ ਸੱਚੇ "ਸੱਜਣ ਸਿਆਸਤਦਾਨ" ਸਨ। ਗੁਜਰਾਤ ਨੇ ਨਾ ਸਿਰਫ਼ ਉਨ੍ਹਾਂ ਵਿੱਚ ਇੱਕ ਮਹਾਨ ਨੇਤਾ ਗੁਆ ਦਿੱਤਾ ਹੈ, ਸਗੋਂ ਇਹ ਮੇਰੇ ਲਈ ਇੱਕ ਨਿੱਜੀ ਘਾਟਾ ਹੈ, ਕਿਉਂਕਿ ਮੈਨੂੰ ਉਨ੍ਹਾਂ ਦਾ ਕੋਮਲ ਅਤੇ ਨਰਮ ਸੁਭਾਅ ਬਹੁਤ ਪਿਆਰਾ ਲੱਗਿਆ। ਜਨਤਕ ਜੀਵਨ ਵਿੱਚ ਉਨ੍ਹਾਂ ਦੀ ਸਮਝਦਾਰੀ ਅਤੇ ਸਾਦਗੀ ਦੀ ਘਾਟ ਮਹਿਸੂਸ ਹੋਵੇਗੀ।

 

ਅਹਿਮਦਾਬਾਦ ਪੁਲਿਸ ਕਮਿਸ਼ਨਰ ਜੀ.ਐਸ. ਮਲਿਕ ਨੇ ਕਿਹਾ ਕਿ ਹੁਣ ਤੱਕ 204 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ 41 ਲੋਕ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ, ਅਤੇ ਮਲਬੇ ਵਿੱਚ ਹੋਰ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਕਮਿਸ਼ਨਰ ਦੇ ਅਨੁਸਾਰ, ਇਹ ਅੰਕੜੇ ਮੁੱਢਲੇ ਹਨ ਅਤੇ ਅੰਤਿਮ ਪੁਸ਼ਟੀ ਬਾਅਦ ਵਿੱਚ ਕੀਤੀ ਜਾਵੇਗੀ।