ਨਵੀਂ ਦਿੱਲੀ: ਬੀਜੇਪੀ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਨੇ ਹਾਲ ਹੀ 'ਚ ਦਾਅਵਾ ਕੀਤਾ ਹੈ ਕਿ ਗਊ ਮੂਤਰ ਦਾ ਸੇਵਨ ਕਰਨ ਨਾਲ ਕੋਵਿਡ ਨਹੀਂ ਹੋਵੇਗਾ, ਕਿਉਂਕਿ ਇਸ ਨਾਲ ਫੇਫੜਿਆਂ ਦੀ ਇਨਫੈਕਸ਼ਨ ਦੂਰ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਦਾਅਵੇ ਕਈ ਵਾਰ ਕੀਤੇ ਜਾਂਦੇ ਰਹੇ ਹਨ। ਪਰ ਇਸ ਦਾਅਵੇ ਦਾ ਸੱਚ ਹੋਣ ਦਾ ਅਜੇ ਤਕ ਕੋਈ ਵਿਗਿਆਨਕ ਪ੍ਰਮਾਣ ਨਹੀਂ ਮਿਲਿਆ। ਵਿਗਿਨਾਨੀ ਲਗਾਤਾਰ ਇਸ ਦਾਅਵੇ ਨੂੰ ਗਲਤ ਦੱਸਦੇ ਆ ਰਹੇ ਹਨ।


ਭਾਰਤ ਦੇ ਵਿਗਿਆਨੀ ਤੇ ਹੋਰ ਡਾਕਟਰ ਇਸ ਇਲਾਜ ਨੂੰ ਗਲਤ ਦੱਸ ਰਹੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੈਸ਼ਨਲ ਪ੍ਰੇਜ਼ੀਡੈਂਟ ਡਾਕਟਰ ਜੇਏ ਜਯਲਾਲ ਨੇ ਕਿਹਾ ਕਿ ਗੋਬਰ ਤੇ ਗਊ ਮੂਤਰ ਨਾਲ ਕੋਰੋਨਾ ਨਾ ਹੋਣ ਦੀ ਗੱਲ 'ਚ ਕੋਈ ਸੱਚਾਈ ਨਹੀਂ ਹੈ। ਅਜੇ ਤਕ ਕੋਈ ਅਜਿਹੀ ਰਿਸਰਚ ਸਾਹਮਣੇ ਨਹੀਂ ਆਈ ਜਿਸ ਤੋਂ ਪਤਾ ਲੱਗ ਸਕੇ ਕਿ ਗੋਬਰ ਨਾਲ ਕੋਰੋਨਾ ਦਾ ਇਲਾਜ ਹੋ ਸਕਦਾ ਹੈ। ਇਸ ਦੇ ਨਾਲ ਹੀ ਡਾਕਟਰ ਜੇਏ ਨੇ ਦੱਸਿਆ ਕਿ ਗਊ ਮੂਤਰ ਤੇ ਗੋਬਰ ਦੇ ਸੇਵਨ ਨਾਲ ਹੋਰ ਬਿਮਾਰੀਆਂ ਜ਼ਰੂਰ ਪੈਦਾ ਹੋ ਸਕਦੀਆਂ ਹਨ।


ਡਾਕਟਰ ਜੇਏ ਜਯਲਾਲ ਦਾ ਕਹਿਣਾ ਹੈ ਕਿ ਗਊਸ਼ਾਲਾ 'ਚ ਜਾਕੇ ਇਕੱਠੇ ਬੈਠਣ ਨਾਲ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ। ਇਸ ਨਾਲ ਕੋਰੋਨਾ ਦਾ ਖਤਰਾ ਹੋਰ ਜ਼ਿਆਦਾ ਵਧ ਰਿਹਾ ਹੈ।


ਸਵਾਮੀ ਚੱਕ੍ਰਪਾਣੀ ਮਹਾਰਾਜ ਦਾ ਦਾਅਵਾ ਵੀ ਗਲਤ


ਸਾਲ 2020 'ਚ ਜਦੋਂ ਕੋਰੋਨਾ ਇਨਫੈਕਸ਼ਨ ਦੀ ਸ਼ੁਰੂਆਤ ਹੋਈ ਸੀ ਉਦੋਂ ਆਖਿਲ ਭਾਰਤੀ ਹਿੰਦੂ ਮਹਾਂਸਭਾ ਨੇ ਗਊ ਮੂਤਰ ਪਾਰਟੀ ਦਾ ਆਯੋਜਨ ਕੀਤਾ ਸੀ ਤੇ ਇਹ ਦਾਅਵਾ ਵੀ ਕੀਤਾ ਸੀ ਕਿ ਗਊ ਮੂਤਰ ਪੀਣ ਨਾਲ ਕੋਰੋਨਾ ਵਾਇਰਸ ਦਾ ਖਾਤਮਾ ਹੋਵੇਗਾ।


ਪਾਰਟੀ ਦੇ ਕੌਮੀ ਮੁਖੀ ਚੱਕਰਪਾਣੀ ਮਹਾਰਾਜ ਨੇ ਕਿਹਾ ਸੀ ਕਿ ਕੋਰੋਨਾ ਦੀ ਉਤਪੱਤੀ ਹਿੰਸਾ ਨਾਲ ਹੋਈ ਹੈ। ਹੁਣ ਸਥਿਤੀ ਇਹ ਹੈ ਕਿ ਪੂਰਾ ਵਿਸ਼ਵ ਨਮਸਤੇ 'ਤੇ ਆ ਗਿਆ ਹੈ। ਗਊ ਮੂਤਰ ਪੰਜ ਤੱਤਾਂ ਤੋਂ ਬਣਿਆ ਹੈ। ਇਸ 'ਚ ਵਾਇਰਸ ਨੂੰ ਮਾਰਨ ਵਾਲੇ ਤੱਤ ਮੌਜੂਦ ਹਨ। ਡਾਕਟਰ ਤਾਂ ਖੁਦ ਕੋਰੋਨਾ ਨਾਲ ਮਰ ਰਹੇ ਹਨ। ਡਾਕਟਰ ਨੂੰ ਸਭ ਤੋਂ ਪਹਿਲਾਂ ਗਊ ਮੂਤਰ ਪੀਣ ਦੀ ਲੋੜ ਹੈ। ਪਰ ਚਕ੍ਰਪਾਣੀ ਮਹਾਰਾਜ ਦਾ ਵੀ ਇਹ ਦਾਅਵਾ ਗਲਤ ਸਾਬਤ ਹੋਇਆ ਹੈ।