ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਵਿੱਚ, ਦਿੱਲੀ ਦੀਆਂ ਸੱਤ ਸੰਸਦੀ ਸੀਟਾਂ ਲਈ ਚੋਣ ਹੋਵੇਗੀ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸ਼ਨੀਵਾਰ ਸਵੇਰ ਤੋਂ ਹੀ ਵੋਟਿੰਗ ਜਾਰੀ ਹੈ। ਦਿੱਲੀ ਵਿੱਚ ਵੱਧ ਤੋਂ ਵੱਧ ਲੋਕ ਵੋਟ ਪਾਉਣ ਨੂੰ ਯਕੀਨੀ ਬਣਾਉਣ ਲਈ ਕਨਾਟ ਪਲੇਸ ਦੇ ਵਪਾਰੀ ਸੰਘ ਨੇ ਇੱਕ ਵਿਸ਼ੇਸ਼ ਪਹਿਲ ਸ਼ੁਰੂ ਕੀਤੀ ਹੈ। ਜਿਸ ਤਹਿਤ ਵੋਟ ਪਾਉਣ ਵਾਲਿਆਂ ਨੂੰ ਖਰੀਦਦਾਰੀ 'ਤੇ ਛੋਟ ਦਿੱਤੀ ਜਾ ਰਹੀ ਹੈ। ਜੇਕਰ ਤੁਸੀਂ ਵੋਟਿੰਗ ਤੋਂ ਬਾਅਦ ਇੱਥੇ ਖਰੀਦਦਾਰੀ ਜਾਂ ਖਾਣ-ਪੀਣ ਲਈ ਜਾਂਦੇ ਹੋ ਤਾਂ ਤੁਹਾਨੂੰ 15 ਤੋਂ 38% ਤੱਕ ਦੀ ਛੋਟ ਮਿਲੇਗੀ। ਕਰੀਬ 50 ਦੁਕਾਨਾਂ ਇਹ ਛੋਟ ਦੇ ਰਹੀਆਂ ਹਨ।
ਮੌਸਮ ਵਿਭਾਗ ਨੇ ਦਿਨ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ। ਚੋਣ ਵਿਭਾਗ ਨੇ ਗਰਮੀ ਦੇ ਮੱਦੇਨਜ਼ਰ ਵੋਟਰਾਂ ਲਈ ਪੁਖਤਾ ਪ੍ਰਬੰਧ ਕੀਤੇ ਹਨ। ਸਵੇਰੇ ਸੱਤ ਵਜੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਪੋਲਿੰਗ ਸਟੇਸ਼ਨਾਂ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਦੇਖੇ ਗਏ।
ਅਧਿਕਾਰੀ ਨੇ ਦੱਸਿਆ ਕਿ ਕੁੱਲ 1.52 ਕਰੋੜ ਵੋਟਰ, ਜਿਨ੍ਹਾਂ ਵਿੱਚ 82 ਲੱਖ ਪੁਰਸ਼, 69 ਲੱਖ ਔਰਤਾਂ ਅਤੇ 1,228 ਟਰਾਂਸਜੈਂਡਰ ਸ਼ਾਮਲ ਹਨ, ਸੱਤ ਹਲਕਿਆਂ ਦੇ 13,000 ਤੋਂ ਵੱਧ ਪੋਲਿੰਗ ਸਟੇਸ਼ਨਾਂ 'ਤੇ ਆਪਣੀ ਵੋਟ ਪਾਉਣ ਦੇ ਯੋਗ ਹਨ। ਇਸ ਵਾਰ ਸ਼ਹਿਰ ਵਿੱਚ 2.52 ਲੱਖ ਤੋਂ ਵੱਧ ਵੋਟਰ ਹਨ ਜੋ ਪਹਿਲੀ ਵਾਰ ਵੋਟ ਪਾਉਣਗੇ।
ਆਮ ਆਦਮੀ ਪਾਰਟੀ (ਆਪ) ਨੇ ਪੂਰਬੀ ਦਿੱਲੀ ਸੀਟ ਤੋਂ ਕੁਲਦੀਪ ਕੁਮਾਰ, ਪੱਛਮੀ ਦਿੱਲੀ ਤੋਂ ਮਹਾਬਲ ਮਿਸ਼ਰਾ, ਨਵੀਂ ਦਿੱਲੀ ਤੋਂ ਸੋਮਨਾਥ ਭਾਰਤੀ ਅਤੇ ਦੱਖਣੀ ਦਿੱਲੀ ਤੋਂ ਸਾਹੀ ਰਾਮ ਪਹਿਲਵਾਨ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇ ਚਾਂਦਨੀ ਚੌਕ ਸੀਟ ਤੋਂ ਜੇਪੀ ਅਗਰਵਾਲ, ਉੱਤਰ ਪੂਰਬੀ ਦਿੱਲੀ ਤੋਂ ਕਨ੍ਹਈਆ ਕੁਮਾਰ ਅਤੇ ਉੱਤਰ ਪੱਛਮੀ ਦਿੱਲੀ ਸੀਟ ਤੋਂ ਉਦਿਤ ਰਾਜ ਨੂੰ ਉਮੀਦਵਾਰ ਬਣਾਇਆ ਹੈ।
ਭਾਜਪਾ ਨੇ ਮਨੋਜ ਤਿਵਾਰੀ ਨੂੰ ਉੱਤਰ ਪੂਰਬੀ ਦਿੱਲੀ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਉਹ ਦਿੱਲੀ ਤੋਂ ਇਕਲੌਤੇ ਮੌਜੂਦਾ ਸੰਸਦ ਮੈਂਬਰ ਹਨ, ਜਿਨ੍ਹਾਂ ਨੂੰ ਪਾਰਟੀ ਨੇ ਦੁਬਾਰਾ ਮੈਦਾਨ ਵਿਚ ਉਤਾਰਿਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਦੱਖਣੀ ਦਿੱਲੀ ਤੋਂ ਰਾਮਵੀਰ ਸਿੰਘ ਬਿਧੂੜੀ, ਨਵੀਂ ਦਿੱਲੀ ਤੋਂ ਬਾਂਸੂਰੀ ਸਵਰਾਜ, ਪੂਰਬੀ ਦਿੱਲੀ ਤੋਂ ਹਰਸ਼ਦੀਪ ਮਲਹੋਤਰਾ, ਉੱਤਰੀ ਪੱਛਮੀ ਦਿੱਲੀ ਤੋਂ ਯੋਗੇਂਦਰ ਚੰਦੋਲੀਆ, ਚਾਂਦਨੀ ਚੌਕ ਤੋਂ ਪ੍ਰਵੀਨ ਖੰਡੇਲਵਾਲ ਅਤੇ ਪੱਛਮੀ ਦਿੱਲੀ ਤੋਂ ਕਮਲਜੀਤ ਸਹਿਰਾਵਤ ਨੂੰ ਉਮੀਦਵਾਰ ਬਣਾਇਆ ਹੈ।