ਚੋਣ ਆਯੋਗ ਨੇ ਇੱਕ ਵੱਡਾ ਬਦਲਾਅ ਕਰਦਿਆਂ ਹੁਣ ਵੋਟਰ ਆਈਡੀ ਲਈ ਆਧਾਰ ਅਤੇ ਮੋਬਾਈਲ ਨੰਬਰ ਜ਼ਰੂਰੀ ਕਰ ਦਿੱਤਾ ਹੈ। ਆਨਲਾਈਨ ਵੋਟਰ ਲਿਸਟ ਸਰਵਿਸਿਜ਼ ਲਈ ਆਧਾਰ ਨਾਲ ਲਿੰਕ ਮੋਬਾਈਲ ਨੰਬਰ ਲਾਜ਼ਮੀ ਕਰ ਦਿੱਤਾ ਗਿਆ ਹੈ। ਚੋਣ ਆਯੋਗ ਦੇ ਮੁਤਾਬਕ ਬਿਨਾਂ ਆਧਾਰ ਨਾਲ ਲਿੰਕ ਮੋਬਾਈਲ ਨੰਬਰ ਵਾਲੇ ਕੋਈ ਵੀ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ। ਐਨਡੀਟੀਵੀ ਦੀ ਖ਼ਬਰ ਮੁਤਾਬਕ ਹੁਣ ਵੋਟਰ ਲਿਸਟ ਵਿੱਚ ਨਾਮ ਸ਼ਾਮਲ ਕਰਨ, ਹਟਾਉਣ ਜਾਂ ਕਿਸੇ ਵੀ ਤਰ੍ਹਾਂ ਦਾ ਬਦਲਾਅ ਕਰਨ ਲਈ ਆਧਾਰ ਨਾਲ ਜੁੜਿਆ ਮੋਬਾਈਲ ਨੰਬਰ ਦੇਣਾ ਜ਼ਰੂਰੀ ਹੋਵੇਗਾ।

Continues below advertisement

ਸਿਸਟਮ ਪੂਰੀ ਤਰ੍ਹਾਂ ਚਾਲੂ

ਚੋਣ ਆਯੋਗ ਦੇ ਇੱਕ ਅਧਿਕਾਰੀ ਨੇ ਐਨਡੀਟੀਵੀ ਨੂੰ ਦੱਸਿਆ ਕਿ ਲਗਭਗ ਇੱਕ ਮਹੀਨਾ ਪਹਿਲਾਂ ਹੀ ਇਹ ਫੈਸਲਾ ਲਿਆ ਗਿਆ ਸੀ ਅਤੇ ਆਈਟੀ ਡਿਪਾਰਟਮੈਂਟ ਇਸਨੂੰ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਸੀ। ਹੁਣ ਇਹ ਸਿਸਟਮ ਪੂਰੀ ਤਰ੍ਹਾਂ ਚਾਲੂ ਹੋ ਚੁੱਕਾ ਹੈ। ਹੁਣ ਬਿਨਾਂ ਆਧਾਰ ਨਾਲ ਜੁੜੇ ਮੋਬਾਈਲ ਨੰਬਰ ਵਾਲੀ ਕੋਈ ਵੀ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।

ਚੋਣ ਆਯੋਗ ਦਾ ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਕਰਨਾਟਕ ਵਿੱਚ ਵੱਡੇ ਪੈਮਾਨੇ 'ਤੇ ਵੋਟਰ ਲਿਸਟ ਡਿਲੀਸ਼ਨ ਦਾ ਵਿਵਾਦ ਚੱਲ ਰਿਹਾ ਹੈ। ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ (LoP) ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਕਰਨਾਟਕ ਵਿੱਚ ਸਿਸਟਮੈਟਿਕ ਵੋਟਰ ਡਿਲੀਸ਼ਨ ਹੋ ਰਿਹਾ ਹੈ ਅਤੇ ਇਸਦੇ ਪਿੱਛੇ ਇੱਕ ਤੀਜੀ ਤਾਕਤ ਕੰਮ ਕਰ ਰਹੀ ਹੈ।

Continues below advertisement

ਰਾਹੁਲ ਗਾਂਧੀ ਨੇ ਵੋਟਰ ਚੋਰੀ ਦਾ ਦਾਅਵਾ ਕੀਤਾ

ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਅਲੰਦ ਵਿਧਾਨ ਸਭਾ ਸੀਟ ਤੋਂ 6018 ਵੋਟਰ ਡਿਲੀਟ ਕਰ ਦਿੱਤੇ ਗਏ। ਰਾਹੁਲ ਨੇ ਚੋਣ ਆਯੋਗ 'ਤੇ ਵੋਟਰ ਚੋਰੀ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹ ਸਧਾਰਨ ਗਲਤੀ ਨਹੀਂ, ਸਗੋਂ ਇੱਕ ਸੰਗਠਿਤ ਸਾਜ਼ਿਸ਼ ਹੈ ਅਤੇ ਜਲਦੀ ਹੀ ਇਸ ਬਾਰੇ ਹੋਰ ਵੱਡੇ ਖੁਲਾਸੇ ਹੋਣਗੇ।

ਚੋਣ ਆਯੋਗ ਨੇ ਦੋਸ਼ਾਂ ਨੂੰ ਖਾਰਜ ਕੀਤਾ

ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਵੀ. ਅੰਬੁਕੁਮਾਰ ਨੇ ਰਾਹੁਲ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਦਿਸੰਬਰ 2022 ਵਿੱਚ ਅਲੰਦ ਵਿਧਾਨ ਸਭਾ ਤੋਂ 6018 ਵੋਟਰਾਂ ਨੂੰ ਹਟਾਉਣ ਲਈ ਆਨਲਾਈਨ ਫਾਰਮ-7 ਅਰਜ਼ੀਆਂ ਮਿਲੀਆਂ ਸਨ। ਇੰਨੀ ਵੱਡੀ ਸੰਖਿਆ ਦੇਖ ਕੇ ਜਾਂਚ ਕੀਤੀ ਗਈ। ਜਾਂਚ ਵਿੱਚ ਸਿਰਫ 24 ਅਰਜ਼ੀਆਂ ਸਹੀ ਪਾਈਆਂ ਗਈਆਂ, ਜਦਕਿ 5994 ਗਲਤ ਸਨ ਅਤੇ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ। ਇਸਦਾ ਮਤਲਬ ਹੈ ਕਿ ਕੋਈ ਸਮੂਹਿਕ ਵੋਟਰ ਡਿਲੀਸ਼ਨ ਨਹੀਂ ਹੋਇਆ। ਇਸ ਫਰਜ਼ੀਵਾੜੇ ਦੀ ਜਾਂਚ ਲਈ FIR ਵੀ ਦਰਜ ਕੀਤੀ ਗਈ।