Army Chief Upendra Dwivedi Warning for War: ਭਾਰਤੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਇੱਕ ਖ਼ਤਰਨਾਕ ਯੁੱਧ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਵਾਰ ਦੁਸ਼ਮਣ ਨੂੰ ਕਿਸੇ ਹੋਰ ਦੇਸ਼ ਦਾ ਸਮਰਥਨ ਵੀ ਮਿਲ ਸਕਦਾ ਹੈ। ਫੌਜ ਮੁਖੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਾਕਿਸਤਾਨ ਫੌਜ ਮੁਖੀ ਤੇ ਫੀਲਡ ਮਾਰਸ਼ਲ ਅਸੀਮ ਮੁਨੀਰ ਅਮਰੀਕਾ ਦੇ ਦੌਰੇ 'ਤੇ ਹਨ। ਹਾਲਾਂਕਿ ਜਨਰਲ ਉਪੇਂਦਰ ਦਿਵੇਦੀ ਨੇ ਕਿਸੇ ਦੇਸ਼ ਦਾ ਨਾਮ ਨਹੀਂ ਲਿਆ ਤੇ ਉਨ੍ਹਾਂ ਦਾ ਬਿਆਨ ਵੀ 4 ਅਗਸਤ ਦਾ ਹੈ, ਜਿਸ ਦੀ ਵੀਡੀਓ ਫੌਜ ਨੇ ਐਤਵਾਰ (10 ਅਗਸਤ, 2025) ਨੂੰ ਜਾਰੀ ਕੀਤੀ।

ਪੀਟੀਆਈ ਦੀ ਰਿਪੋਰਟ ਅਨੁਸਾਰ, ਫੌਜ ਮੁਖੀ ਨੇ ਕਿਸੇ ਵੀ ਦੇਸ਼ ਦਾ ਨਾਮ ਲਏ ਬਿਨਾਂ ਖ਼ਤਰੇ ਦੀ ਸੰਭਾਵਨਾ ਨੂੰ ਰੇਖਾਂਕਿਤ ਕੀਤਾ ਤੇ ਕਿਹਾ, 'ਅਗਲੀ ਵਾਰ ਖਤਰਾ ਬਹੁਤ ਜ਼ਿਆਦਾ ਹੋ ਸਕਦਾ ਹੈ ਤੇ ਉਹ ਦੇਸ਼ ਇਹ ਇਕੱਲੇ ਹੀ ਕਰੇਗਾ ਜਾਂ ਕਿਸੇ ਹੋਰ ਦੇਸ਼ ਦੇ ਸਮਰਥਨ ਨਾਲ, ਸਾਨੂੰ ਨਹੀਂ ਪਤਾ, ਪਰ ਮੈਨੂੰ ਯਕੀਨ ਹੈ, ਮੈਨੂੰ ਲੱਗਦਾ ਹੈ ਕਿ ਉਹ ਦੇਸ਼ ਇਕੱਲਾ ਨਹੀਂ ਹੋਵੇਗਾ। ਇਹ ਉਹ ਥਾਂ ਹੈ ਜਿੱਥੇ ਸਾਨੂੰ ਸਾਵਧਾਨ ਰਹਿਣਾ ਪਵੇਗਾ।'

ਜਨਰਲ ਉਪੇਂਦਰ ਦਿਵੇਦੀ ਨੇ ਆਪ੍ਰੇਸ਼ਨ ਸਿੰਦੂਰ ਦੀਆਂ ਜਟਿਲਤਾਵਾਂ 'ਤੇ ਜ਼ੋਰ ਦੇਣ ਲਈ ਸ਼ਤਰੰਜ ਤੇ ਕ੍ਰਿਕਟ ਦੀਆਂ ਸਮਾਨਤਾਵਾਂ ਦੀ ਵਰਤੋਂ ਕੀਤੀ। ਸ਼ਤਰੰਜ ਦੀ ਖੇਡ ਨਾਲ ਤੁਲਨਾ ਕਰਦੇ ਹੋਏ ਜਨਰਲ ਦਿਵੇਦੀ ਨੇ ਕਿਹਾ, 'ਆਪ੍ਰੇਸ਼ਨ ਸਿੰਦੂਰ ਵਿੱਚ, ਅਸੀਂ ਸ਼ਤਰੰਜ ਦੀ ਖੇਡ ਖੇਡੀ। ਇਸ ਦਾ ਕੀ ਅਰਥ ਹੈ? ਇਸ ਦਾ ਅਰਥ ਹੈ ਕਿ ਸਾਨੂੰ ਨਹੀਂ ਪਤਾ ਸੀ ਕਿ ਦੁਸ਼ਮਣ ਦੀ ਅਗਲੀ ਚਾਲ ਕੀ ਹੋਵੇਗੀ ਤੇ ਅਸੀਂ ਕੀ ਕਰਨ ਜਾ ਰਹੇ ਹਾਂ। ਅਸੀਂ ਇਸ ਨੂੰ ਗ੍ਰੇ ਜ਼ੋਨ ਕਹਿੰਦੇ ਹਾਂ। ਗ੍ਰੇ ਜ਼ੋਨ ਦਾ ਅਰਥ ਹੈ ਕਿ ਅਸੀਂ ਇੱਕ ਰਵਾਇਤੀ ਕਾਰਵਾਈ ਨਹੀਂ ਕਰ ਰਹੇ, ਸਗੋਂ ਅਸੀਂ ਕੁਝ ਅਜਿਹਾ ਕਰ ਰਹੇ ਹਾਂ ਜੋ ਰਵਾਇਤੀ ਕਾਰਵਾਈ ਤੋਂ ਥੋੜ੍ਹਾ ਵੱਖਰਾ ਹੈ।'

 ਉਨ੍ਹਾਂ ਨੇ ਵਿਸਥਾਰ ਵਿੱਚ ਦੱਸੇ ਬਿਨਾਂ ਕਿਹਾ ਅਗਲੀ ਜੰਗ ਜਿਸ ਦੀ ਅਸੀਂ ਕਲਪਨਾ ਕਰ ਰਹੇ ਹਾਂ, ਜਲਦੀ ਹੀ ਹੋ ਸਕਦੀ ਹੈ। ਸਾਨੂੰ ਉਸ ਅਨੁਸਾਰ ਤਿਆਰੀ ਕਰਨੀ ਪਵੇਗੀ, ਇਸ ਵਿੱਚ ਸਾਨੂੰ ਇਹ ਲੜਾਈ ਇਕੱਠੇ ਲੜਨੀ ਪਵੇਗੀ।' ਫੌਜ ਮੁਖੀ ਨੇ ਕਿਹਾ ਕਿ ਫੌਜ ਇਕੱਲੀ ਇਸ ਨੂੰ ਨਹੀਂ ਲੜੇਗੀ। ਉਨ੍ਹਾਂ ਕਿਹਾ, 'ਜੇਕਰ ਮੈਂ ਇਸ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਦੇਖਾਂ ਤਾਂ ਭਾਰਤ ਢਾਈ ਮੋਰਚਿਆਂ ਦਾ ਸਾਹਮਣਾ ਕਰ ਰਿਹਾ ਹੈ। ਜੇਕਰ ਅਸੀਂ ਦੇਸ਼ ਦੀਆਂ ਜ਼ਮੀਨੀ ਸਰਹੱਦਾਂ ਦੀ ਗੱਲ ਕਰੀਏ ਤਾਂ ਅੱਜ ਦੇ ਭਾਰਤ ਦੇ ਲੋਕਾਂ ਦੀ ਮਾਨਸਿਕਤਾ ਨੂੰ ਦੇਖਦੇ ਹੋਏ ਜਿੱਤ ਦੀ ਸਥਿਤੀ ਜ਼ਮੀਨ ਦੇ ਰੂਪ ਵਿੱਚ ਹੀ ਰਹੇਗੀ।' 

ਫੌਜ ਮੁਖੀ ਨੇ ਕਿਹਾ ਕਿ ਜਿੱਥੋਂ ਤੱਕ ਆਪ੍ਰੇਸ਼ਨ ਸਿੰਦੂਰ ਦਾ ਸਬੰਧ ਹੈ, ਭਾਰਤੀ ਫੌਜ ਸ਼ਤਰੰਜ ਖੇਡ ਰਹੀ ਸੀ ਤੇ ਚੈਕਮੈਟ ਦੇ ਇਸ ਖੇਡ ਵਿੱਚ ਕੁਝ ਚੀਜ਼ਾਂ ਦਿਖਾਈ ਦੇ ਰਹੀਆਂ ਸਨ ਤੇ ਕੁਝ ਦਿਖਾਈ ਨਹੀਂ ਦੇ ਰਹੀਆਂ ਸਨ। ਉਨ੍ਹਾਂ ਨੇ ਕਿਹਾ, 'ਜੇਕਰ ਕੁਝ ਦਿਖਾਈ ਨਹੀਂ ਦੇ ਰਿਹਾ ਸੀ, ਤਾਂ ਇਹ ਹੋ ਸਕਦਾ ਹੈ ਕਿ ਦੂਜੇ ਦੇਸ਼ ਦੁਸ਼ਮਣ ਦੀ ਮਦਦ ਕਰ ਰਹੇ ਹੋਣ... ਇਹ ਟੈਸਟ ਮੈਚ ਚੌਥੇ ਦਿਨ ਰੁਕ ਗਿਆ, ਇਹ 14 ਦਿਨ, 140 ਦਿਨ, 1400 ਦਿਨ ਜਾਰੀ ਰਹਿ ਸਕਦਾ ਸੀ। ਸਾਨੂੰ ਨਹੀਂ ਪਤਾ, ਪਰ ਸਾਨੂੰ ਇਸ ਸਭ ਲਈ ਤਿਆਰ ਰਹਿਣਾ ਪਵੇਗਾ।'

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।