ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਕਈ ਸੂਬਿਆਂ ਵਿਚ ਕਹਿਰ ਦੀ ਗਰਮੀ ਵਿਚਾਲੇ ਪਾਣੀ ਦੀ ਕਿੱਲਤ ਹੋ ਗਈ ਹੈ। ਇਸੇ ਨੂੰ ਦੇਖਦੇ ਹੋਏ ਘਰ ਵਿੱਚ ਕਾਰ ਧੋਣਾ ਹੁਣ ਤੁਹਾਡੀ ਜੇਬ ‘ਤੇ ਭਾਰੀ ਪੈ ਸਕਦਾ ਹੈ। ਪਾਣੀ ਦੀ ਕਿੱਲਤ ਨਾਲ ਨਜਿੱਠਣ ਲਈ ਗੁਰੂਗ੍ਰਾਮ ਪ੍ਰਸ਼ਾਸਨ ਨੇ ਸਖ਼ਤ ਰਵੱਈਆ ਅਪਣਾਇਆ ਹੈ। ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਘਰ ਵਿੱਚ ਹੀ ਕਾਰਾਂ ਧੋਣ ਵਾਲਿਆਂ ਨੂੰ ਜੁਰਮਾਨਾ ਲਾਉਣ ਦਾ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ। ਗੁਰੂਗ੍ਰਾਮ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਵੇਰੇ 5 ਵਜੇ ਤੋਂ ਸਵੇਰੇ 9 ਵਜੇ ਤੱਕ ਘਰਾਂ ‘ਚ ਸਪਲਾਈ ਹੋਣ ਵਾਲੇ ਪਾਣੀ ਨਾਲ ਵਾਹਨ ਨਾ ਧੋਣ। ਇਕ ਹੁਕਮ ਮੁਤਾਬਕ ਇਸ ਸਮੇਂ ਵਾਹਨ ਧੋਣ ਨਾਲ ਪੀਣ ਵਾਲੇ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਨਜਿੱਠਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਗੁਰੂਗ੍ਰਾਮ ਨਗਰ ਨਿਗਮ ਦਾ ਕਹਿਣਾ ਹੈ ਕਿ ਜੇਕਰ ਕੋਈ ਚੇਤਾਵਨੀ ਦੇ ਬਾਵਜੂਦ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਘਰ ਦਾ ਸਪਲਾਈ ਪਾਣੀ ਦਾ ਕੁਨੈਕਸ਼ਨ ਬੰਦ ਕਰ ਦਿੱਤਾ ਜਾਵੇਗਾ। ਨਗਰ ਨਿਗਮ ਦਾ ਕਹਿਣਾ ਹੈ ਕਿ ਘਰਾਂ ਵਿੱਚ ਕਾਰਾਂ ਧੋਣ ਕਾਰਨ ਪਾਣੀ ਦੀ ਬਰਬਾਦੀ ਵੱਧ ਰਹੀ ਹੈ। ਲੋਕ ਕਾਰਾਂ ਧੋਣ ਲਈ ਜ਼ਿਆਦਾ ਪਾਣੀ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਜਲ ਸਪਲਾਈ ਪ੍ਰਣਾਲੀ ‘ਤੇ ਬੋਝ ਵੱਧ ਰਿਹਾ ਹੈ।
5,000 ਰੁਪਏ ਜੁਰਮਾਨਾ ਲਗਾਇਆ ਜਾਵੇਗਾ
ਹੁਕਮਾਂ ਅਨੁਸਾਰ ਜੇਕਰ ਵਾਹਨ ਮਾਲਕ ਸਵੇਰੇ 5 ਤੋਂ 9 ਵਜੇ ਤੱਕ ਸਪਲਾਈ ਦੇ ਸਮੇਂ ਦੌਰਾਨ ਘਰ ਵਿੱਚ ਕਾਰ ਧੋਂਦਾ ਪਾਇਆ ਗਿਆ ਤਾਂ ਉਸ ਤੋਂ 5,000 ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਪਾਣੀ ਦਾ ਕੁਨੈਕਸ਼ਨ ਵੀ ਕੱਟਿਆ ਜਾ ਸਕਦਾ ਹੈ, ਜਿਸ ਨੂੰ ਬਹਾਲ ਕਰਨ ਲਈ ਖਪਤਕਾਰ ਨੂੰ 1000 ਰੁਪਏ ਵਾਧੂ ਅਦਾ ਕਰਨੇ ਪੈਣਗੇ। ਪ੍ਰਸ਼ਾਸਨ ਨੂੰ ਉਮੀਦ ਹੈ ਕਿ ਇਸ ਹੁਕਮ ਤੋਂ ਬਾਅਦ ਸ਼ਹਿਰ ਵਿੱਚ ਵਾਹਨ ਮਾਲਕਾਂ ਵੱਲੋਂ ਕੀਤੀ ਜਾ ਰਹੀ ਪਾਣੀ ਦੀ ਬਰਬਾਦੀ ਨੂੰ ਠੱਲ੍ਹ ਪਵੇਗੀ।
ਪਾਣੀ ਤੋਂ ਬਿਨਾਂ ਕਾਰ ਨੂੰ ਕਿਵੇਂ ਸਾਫ ਰੱਖਿਆ ਜਾਵੇ, ਆਓ ਜਾਣਦੇ ਹਾਂ: ਬਹੁਤ ਘੱਟ ਪਾਣੀ ਦੀ ਵਰਤੋਂ ਕਰਕੇ ਵੀ ਕਾਰ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਤੁਸੀਂ ਪਾਣੀ ਦੀ ਇੱਕ ਬਾਲਟੀ ਨਾਲ ਵੀ ਕਾਰ ਨੂੰ ਸਾਫ਼ ਰੱਖ ਸਕਦੇ ਹੋ। ਇਸਦੇ ਲਈ ਤੁਹਾਨੂੰ ਇੱਕ ਡਰਾਈ ਫੋਮ ਕਲੀਨਰ ਦੀ ਜ਼ਰੂਰਤ ਹੋਏਗੀ ਜੋ ਕਾਰ ਦੀ ਸਫਾਈ ਵਿੱਚ ਬਹੁਤ ਘੱਟ ਪਾਣੀ ਦੀ ਖਪਤ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਸਪਰੇਅ ਬੋਤਲ ‘ਚ ਪਾਣੀ ਭਰ ਸਕਦੇ ਹੋ ਅਤੇ ਸਪ੍ਰੇ ਅਤੇ ਸੁੱਕੇ ਕੱਪੜੇ ਦੀ ਮਦਦ ਨਾਲ ਕਾਰ ਨੂੰ ਸਾਫ਼ ਕਰ ਸਕਦੇ ਹੋ।