Landslide In Himachal Pradesh: ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਦਾ ਕਹਿਰ ਜਾਰੀ ਹੈ। ਹੁਣ ਸੂਬੇ ਦੇ ਕੁੱਲੂ ਜ਼ਿਲੇ 'ਚ ਭਾਰੀ ਢਿੱਗਾਂ ਡਿੱਗੀਆਂ ਹਨ। ਜ਼ਮੀਨ ਖਿਸਕਣ ਕਾਰਨ ਬਾਗੀਪੁਲ-ਜਾਓਂ ਸੜਕ ਬੰਦ ਹੋ ਗਈ ਹੈ। ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜ਼ਮੀਨ ਖਿਸਕਣ ਦੀ ਇੱਕ ਹੈਰਾਨ ਕਰਨ ਵਾਲੀ ਵੀਡੀਓ ਵੀ ਸਾਹਮਣੇ ਆਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਅਲਰਟ ਵੀ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਪਹਾੜੀ ਖੇਤਰਾਂ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਸੰਭਾਵਨਾ ਵੀ ਪ੍ਰਗਟਾਈ ਸੀ।


ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ 'ਚ ਭਾਰੀ ਜ਼ਮੀਨ ਖਿਸਕ ਗਈ ਸੀ। ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਸੀ ਕਿ ਜ਼ਮੀਨ ਖਿਸਕਣ ਕਾਰਨ ਅੱਠ ਲੋਕ ਜ਼ਖ਼ਮੀ ਹੋਏ ਹਨ। ਰਾਜ ਆਫ਼ਤ ਪ੍ਰਬੰਧਨ ਨਿਰਦੇਸ਼ਕ ਨੇ ਕਿਹਾ ਸੀ ਕਿ ਕਾਂਗੜਾ ਜ਼ਿਲ੍ਹਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, ਸਵੇਰੇ 9 ਵਜੇ ਦੇ ਕਰੀਬ ਇੱਕ ਆਟਾ ਚੱਕੀ ਦੇ ਨੇੜੇ ਇੱਕ ਉਸਾਰੀ ਵਾਲੀ ਥਾਂ 'ਤੇ ਜ਼ਮੀਨ ਖਿਸਕ ਗਈ। ਜਿਸ 'ਚ 8 ਲੋਕ ਜ਼ਖਮੀ ਹੋ ਗਏ।




 


ਹਿਮਾਚਲ ਪ੍ਰਦੇਸ਼ 'ਚ ਬਾਰਿਸ਼ ਜਾਰੀ 


ਹਿਮਾਚਲ ਪ੍ਰਦੇਸ਼ ਦੇ ਸ਼ਾਲਖਰ ਪਿੰਡ ਵਿੱਚ ਮੰਗਲਵਾਰ ਨੂੰ ਹੀ ਬੱਦਲ ਫਟਣ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਬੱਦਲ ਫਟਣ ਕਾਰਨ ਕਈ ਛੋਟੀਆਂ ਨਹਿਰਾਂ ਵੀ ਟੁੱਟ ਗਈਆਂ। ਇਹ ਘਟਨਾ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਪਾਰਵਤੀ ਘਾਟੀ ਦੇ ਚੋਜ ਨਾਲੇ ਵਿੱਚ ਸੋਮਵਾਰ ਨੂੰ ਬੱਦਲ ਫਟਣ ਨਾਲ ਤਬਾਹੀ ਮਚਾਉਣ ਤੋਂ ਇੱਕ ਦਿਨ ਬਾਅਦ ਵਾਪਰੀ ਹੈ।ਜ਼ਿਲ੍ਹਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਡੀਈਓਸੀ) ਨੇ ਦੱਸਿਆ ਸੀ ਕਿ ਬੱਦਲ ਫਟਣ ਕਾਰਨ ਕੁਝ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।


ਮੀਟਿੰਗ ਨੂੰ ਮੁੱਖ ਮੰਤਰੀ ਨੇ ਲਿਆ


ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸ਼ਿਮਲਾ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਉਨ੍ਹਾਂ ਸੂਬੇ ਵਿੱਚ ਭਾਰੀ ਮੀਂਹ ਕਾਰਨ ਪੈਦਾ ਹੋਣ ਵਾਲੀਆਂ ਵੱਖ-ਵੱਖ ਸਥਿਤੀਆਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਭਾਰੀ ਮੀਂਹ ਕਾਰਨ ਹੋਣ ਵਾਲੀਆਂ ਆਫ਼ਤਾਂ ਦੇ ਪ੍ਰਬੰਧਨ ਲਈ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਸੀ ਕਿ ਕੁਦਰਤੀ ਆਫ਼ਤ ਵਾਲੇ ਖੇਤਰਾਂ ਵਿੱਚ ਲੋੜੀਂਦੀ ਗਿਣਤੀ ਵਿੱਚ ਲੋਕ ਅਤੇ ਮਸ਼ੀਨਰੀ ਤਾਇਨਾਤ ਕੀਤੀ ਜਾਣੀ ਚਾਹੀਦੀ ਹੈ।