Rain Alert: ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਇਕ ਦੋ ਦਿਨ ਵਿਚ ਦਿੱਲੀ, ਪੰਜਾਬ ਅਤੇ ਹਰਿਆਣਾ ਵਿਚ ਮਾਨਸੂਨ ਦੀ ਐਂਟਰੀ ਹੋਣ ਵਾਲੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੀ ਪੰਜਾਬ ਵਿਚ ਮੌਸਮ ਬਦਲ ਗਿਆ ਹੈ। ਸੂਬੇ ਦੇ ਵੱਡੀ ਗਿਣਤੀ ਇਲਾਕਿਆਂ ਵਿਚ ਅੱਜ ਸਵੇਰ ਤੋਂ ਹੀ ਸੰਘਣੇ ਬੱਦਲ ਛਾਏ ਹੋਏ ਹਨ।


ਦਿੱਲੀ-ਐਨਸੀਆਰ ਵਿਚ ਰਹਿਣ ਵਾਲੇ ਲੋਕਾਂ ਲਈ ਇਕ ਵੱਡੀ ਖ਼ਬਰ ਹੈ। ਕਹਿਰ ਦੀ ਗਰਮੀ ਤੋਂ ਰਾਹਤ ਦਾ ਸਮਾਂ ਆ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਬੁੱਧਵਾਰ ਦੁਪਹਿਰ ਤੋਂ ਬਾਅਦ ਬਾਰਸ਼ ਨਾਲ ਗਰਮੀ ਤੋਂ ਰਾਹਤ ਮਿਲੇਗੀ। ਅਗਲੇ 7 ਦਿਨਾਂ ਤੱਕ ਮੌਸਮ ਲਗਭਗ ਅਜਿਹਾ ਹੀ ਰਹੇਗਾ, ਜਿਸ ਕਾਰਨ ਪਾਰੇ 'ਚ ਗਿਰਾਵਟ ਦਰਜ ਕੀਤੀ ਜਾਵੇਗੀ। ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੋਂ ਹੇਠਾਂ ਰਹੇਗਾ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਤੱਕ ਪਹੁੰਚ ਸਕਦਾ ਹੈ। 


ਮੌਸਮ ਵਿਭਾਗ ਅਨੁਸਾਰ ਬੁੱਧਵਾਰ ਦੁਪਹਿਰ ਤੋਂ ਬਾਅਦ ਮੌਸਮ ਵਿੱਚ ਅਚਾਨਕ ਤਬਦੀਲੀ ਦਰਜ ਕੀਤੀ ਜਾ ਸਕਦੀ ਹੈ ਅਤੇ ਤੇਜ਼ ਹਵਾਵਾਂ ਦੇ ਨਾਲ ਧੂੜ ਭਰੀ ਹਨੇਰੀ ਅਤੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ 26 ਜੂਨ ਨੂੰ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 32 ਡਿਗਰੀ ਰਹਿਣ ਦਾ ਅਨੁਮਾਨ ਹੈ। ਤੇਜ਼ ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ।


ਮੌਸਮ ਵਿਭਾਗ ਨੇ ਕਿਹਾ ਹੈ ਕਿ 27 ਜੂਨ ਤੋਂ 2 ਜੁਲਾਈ ਤੱਕ ਰੋਜ਼ਾਨਾ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਇੱਕ-ਇੱਕ ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ 7 ਦਿਨਾਂ ਤੱਕ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ ਹੈ। ਵੈਸਟਰਨ ਡਿਸਟਰਬੈਂਸ ਕਾਰਨ ਮੌਸਮ 'ਚ ਇਹ ਅਚਾਨਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਮਾਨਸੂਨ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਪਹੁੰਚ ਗਿਆ ਹੈ ਅਤੇ ਜਲਦੀ ਹੀ ਪੂਰੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ।


ਮਾਨਸੂਨ ਆਉਣ ਵਾਲੇ 48 ਘੰਟਿਆਂ ਵਿੱਚ ਐਨਸੀਆਰ ਸਮੇਤ ਪੂਰੇ ਪੱਛਮੀ ਉੱਤਰ ਪ੍ਰਦੇਸ਼ ਨੂੰ ਪ੍ਰਭਾਵਿਤ ਕਰੇਗਾ। ਇਸ ਸਮੇਂ ਲੋਕਾਂ ਨੂੰ ਭਾਰੀ ਗਰਮੀ ਅਤੇ ਹੁੰਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਪਾਰਾ 'ਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ 41 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਮਾਨਸੂਨ 30 ਜੂਨ ਤੋਂ ਹੀ ਐਨਸੀਆਰ ਵਿੱਚ ਦਸਤਕ ਦੇਵੇਗਾ। ਪਰ ਇਸ ਦੇ ਕੁਝ ਦਿਨ ਪਹਿਲਾਂ ਆਉਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ।